ਐੱਸਬੀਆਈ ਨੇ ਆਰਕੌਮ ਦਾ ਕਰਜ਼ਾ ਖ਼ਾਤਾ ‘ਘਪਲਾ’ ਐਲਾਨਿਆ
ਨਵੀਂ ਦਿੱਲੀ, 2 ਜੁਲਾਈਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਟੈਲੀਕਾਮ ਕੰਪਨੀ ਰਿਲਾਇੰਸ ਕਮਿਊਨਿਕੇਸ਼ਨਜ਼ ਦੇ ਕਰਜ਼ਾ ਖ਼ਾਤੇ ਨੂੰ ‘ਘਪਲੇ’ ਵਜੋਂ ਐਲਾਨਣ ਦਾ ਫ਼ੈਸਲਾ ਲਿਆ ਹੈ। ਐੱਸਬੀਆਈ ਹੁਣ ਕੰਪਨੀ ਦੇ ਸਾਬਕਾ ਡਾਇਰੈਕਟਰ ਅਨਿਲ ਅੰਬਾਨੀ ਦਾ ਨਾਮ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮਗਰੋਂ ਰਿਲਾਇੰਸ ਕਮਿਊਨਿਕੇਸ਼ਨਜ਼ ਲਿਮਟਿਡ (ਆਰਕੌਮ) ਨੂੰ ਕਰਜ਼ਾ ਦੇਣ ਵਾਲੀਆਂ ਹੋਰ ਕੰਪਨੀਆਂ ਵੀ ਹਰਕਤ ’ਚ ਆ ਸਕਦੀਆਂ ਹਨ। ਐੱਸਬੀਆਈ ਨੇ 23 ਜੂਨ ਨੂੰ ਆਰਕੌਮ ਨੂੰ ਇਕ ਪੱਤਰ ਭੇਜ ਕੇ ਕਿਹਾ ਕਿ ਉਸ ਦੀ ਫਰਾਡ ਜਾਂਚ ਕਮੇਟੀ ਨੇ ਕੰਪਨੀ ਦੇ ਲੋਨ ਅਕਾਊਂਟ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸੇ ਬੈਂਕ ਵੱਲੋਂ ਖ਼ਾਤੇ ਨੂੰ ‘ਫਰਾਡ’ ਵਜੋਂ ਐਲਾਨੇ ਜਾਣ ਨਾਲ ਇਸ ਦੀ ਜਾਣਕਾਰੀ ਰਿਜ਼ਰਵ ਬੈਂਕ ਨੂੰ 21 ਦਿਨਾਂ ’ਚ ਦੇਣੀ ਪੈਂਦੀ ਹੈ ਅਤੇ ਕੇਸ ਦੀ ਸ਼ਿਕਾਇਤ ਸੀਬੀਆਈ ਜਾਂ ਪੁਲੀਸ ਕੋਲ ਕਰਨੀ ਹੋਵੇਗੀ। ਜਾਣਕਾਰੀ ਮੁਤਾਬਕ ਰਿਲਾਇੰਸ ਕਮਿਊਨਿਕੇਸ਼ਨਜ਼ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਨੂੰ ਬੈਂਕਾਂ ਤੋਂ 31,580 ਕਰੋੜ ਰੁਪਏ ਦਾ ਕਰਜ਼ਾ ਮਿਲਿਆ ਸੀ। ਉਧਰ ਅਨਿਲ ਅੰਬਾਨੀ ਦੇ ਵਕੀਲ ਨੇ ਐੱਸਬੀਆਈ ਨੂੰ ਪੱਤਰ ਲਿਖ ਕੇ ਕਿਹਾ ਕਿ ਇਹ ਫ਼ੈਸਲਾ ਆਰਬੀਆਈ ਦੇ ਨੇਮਾਂ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਐੱਸਬੀਆਈ ਦਾ ਫ਼ੈਸਲਾ ਹੈਰਾਨ ਕਰਨ ਵਾਲਾ ਅਤੇ ਇਕਪਾਸੜ ਤੇ ਕੁਦਰਤੀ ਨਿਆਂ ਦੇ ਸਿਧਾਂਤ ਦੀ ਵੀ ਉਲੰਘਣਾ ਕਰਦਾ ਹੈ। -ਪੀਟੀਆਈ