ਝੋਨੇ ਨੂੰ ਵਾਇਰਸ: ਖੇਤੀਬਾੜੀ ਮੰਤਰੀ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸ਼ਾਮ ਰੋਪੜ ਜ਼ਿਲ੍ਹੇ ਦੇ ਮੜੌਲੀ ਕਲਾਂ, ਕਕਰਾਲੀ ਤੇ ਪਪਰਾਲੀ ਆਦਿ ਪਿੰਡਾਂ ਦਾ ਦੌਰਾ ਕਰਕੇ ਵਾਇਰਸ ਤੋਂ ਪ੍ਰਭਾਵਿਤ ਫ਼ਸਲਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪ੍ਰਭਾਵਿਤ ਝੋਨਾ ਕਾਸ਼ਤਕਾਰਾਂ ਨੇ ਵਾਇਰਸ ਦੀ ਪਈ ਮਾਰ ਤੋਂ ਜਾਣੂ ਕਰਵਾਇਆ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ’ਚ ਝੋਨੇ ਦੀ ਫ਼ਸਲ ਨੂੰ ਪਏ ਵਾਇਰਸ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਮਗਰੋਂ ਖੇਤੀ ਮੰਤਰੀ ਨੇ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ ਹੈ। ਖੇਤੀ ਮੰਤਰੀ ਖੁੱਡੀਆਂ ਨੂੰ ਪਿੰਡ ਮੜੌਲੀ ਕਲਾਂ ’ਚ ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਵਾਇਰਸ ਕਰਕੇ ਝੋਨਾ ਮਧਰਾ ਰਹਿ ਗਿਆ ਹੈ ਤੇ ਪੌਦਿਆਂ ਦਾ ਵਾਧਾ ਰੁਕ ਗਿਆ ਹੈ। ਕਿਸਾਨਾਂ ਨੇ ਖੁੱਡੀਆਂ ਨੂੰ ਖੇਤਾਂ ’ਚ ਪ੍ਰਭਾਵਿਤ ਹੋਈ ਫ਼ਸਲ ਵੀ ਦਿਖਾਈ। ਇਸ ਮਗਰੋਂ ਖੁੱਡੀਆਂ ਨੇ ਮਹਿਕਮੇ ਦੇ ਅਫ਼ਸਰਾਂ ਨੂੰ ਫ਼ੌਰੀ ਤੌਰ ’ਤੇ ਪ੍ਰਭਾਵਿਤ ਪਿੰਡਾਂ ’ਚ ਟੀਮਾਂ ਭੇਜਣ ਤੇ ਕਿਸਾਨਾਂ ਨੂੰ ਵਾਇਰਸ ਦੀ ਰੋਕਥਾਮ ਲਈ ਮਸ਼ਵਰਾ ਦੇਣ ਅਤੇ ਖੇਤੀ ਅਫ਼ਸਰਾਂ ਨੂੰ ਸਬੰਧਿਤ ਪਿੰਡਾਂ ’ਚ ਜਾਗਰੂਕ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ।
ਕਿਸਾਨਾਂ ਨੇ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਲਾਗਤ ਖ਼ਰਚੇ ਵਧ ਗਏ ਹਨ ਤੇ ਕਈ ਥਾਵਾਂ ’ਤੇ ਮੁੜ ਲਵਾਈ ਦੀ ਨੌਬਤ ਵੀ ਆ ਸਕਦੀ ਹੈ। ਇਸ ਦਾ ਝਾੜ ’ਤੇ ਵੀ ਅਸਰ ਪੈ ਸਕਦਾ ਹੈ। ਪੰਜਾਬ ਦੇ ਜ਼ਿਲ੍ਹਾ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੁਹਾਲੀ, ਨਵਾਂ ਸ਼ਹਿਰ ਅਤੇ ਸੰਗਰੂਰ ਦੇ ਕਾਫ਼ੀ ਪਿੰਡਾਂ ਵਿੱਚ ਇਸ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਦਾ ਜ਼ਿਆਦਾ ਅਸਰ ਝੋਨੇ ਦੀ ਪੀਆਰ 132,ਪੀਆਰ 114 ਅਤੇ ਪੀਆਰ 118 ਕਿਸਮ ’ਤੇ ਪਿਆ ਹੈ। ਖੇਤੀ ਮੰਤਰੀ ਖੁੱਡੀਆਂ ਨੇ ਅੱਜ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਇਸ ਸਬੰਧੀ ਮੁੜ ਗੱਲ ਕੀਤੀ ਹੈ। ਇਸ ਮੌਕੇ ਡਾਇਰੈਕਟਰ ਜਸਵੰਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਸਾਰੀ ਸਥਿਤੀ ਕਾਬੂ ਹੇਠ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਕੁੱਝ ਖੇਤ ਪ੍ਰਭਾਵਿਤ ਹੋਏ ਹਨ ਪਰ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇ ਲੋੜ ਪਈ ਤਾਂ ਸਰਕਾਰ ਤਰਫ਼ੋਂ ਵੀ ਕੀਟਨਾਸ਼ਕਾਂ ਦੇ ਛਿੜਕਾਅ ਵਗ਼ੈਰਾ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ ਅਤੇ ਭਲਕੇ ਉਹ ਅਧਿਕਾਰੀਆਂ ਨਾਲ ਇਸ ਬਾਰੇ ਮੀਟਿੰਗ ਵੀ ਕਰਨਗੇ।