DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਸ਼ਨ ਕਾਲ: ਛੱਪੜਾਂ ਦੀ ਸਫ਼ਾਈ ਲਈ ਵਰਤਿਆ ਜਾਣ ਵਾਲਾ ਮਾਡਲ ਫੇਲ੍ਹ: ਬਾਜਵਾ

ਵਿਅਕਤੀ ਵਿਸ਼ੇਸ਼ ਦੀ ਥਾਂ ਇੰਜਨੀਅਰਾਂ ਵੱਲੋਂ ਤਿਆਰ ਮਾਡਲ ਵਰਤਣ ਦੀ ਸਲਾਹ
  • fb
  • twitter
  • whatsapp
  • whatsapp
featured-img featured-img
ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਵਿੱਚ ਹਿੱਸਾ ਲੈਂਦੇ ਹੋਏ ਭਗਵੰਤ ਮਾਨ ਸਣੇ ਹੋਰ ਮੰਤਰੀ ਤੇ ਵਿਧਾਇਕ। - -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 26 ਮਾਰਚ

Advertisement

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ ਵਰਤੇ ਜਾ ਰਹੇ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਮਾਡਲ ਨੂੰ ਫੇਲ੍ਹ ਦੱਸਿਆ ਹੈ। ਇਸ ’ਤੇ ਵਿਧਾਨ ਸਭਾ ਵਿੱਚ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਆਗੂ ਆਹਮੋ-ਸਾਹਮਣੇ ਆ ਗਏ।

ਅੱਜ ਵਿਧਾਨ ਸਭਾ ਵਿੱਚ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵਿਧਾਨ ਸਭਾ ਵਿੱਚ ਬਠਿੰਡਾ ਦੇ ਪਿੰਡਾਂ ਵਿੱਚ ਬਣੇ ਛੱਪੜਾਂ ਦੀ ਸਫ਼ਾਈ ਦਾ ਮੁੱਦਾ ਚੁੱਕਿਆ ਸੀ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਠਿੰਡਾ ਦਿਹਾਤੀ ਵਿੱਚ ਸਥਿਤ 65 ਗ੍ਰਾਮ ਪੰਚਾਇਤਾਂ ਵਿੱਚ 173 ਛੱਪੜ ਹਨ। ਇਸ ਵਿੱਚੋਂ ਪੰਜ ਛੱਪੜਾਂ ਦੀ ਸਫ਼ਾਈ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਕੀਤੇ ਮਾਡਲ ਰਾਹੀਂ ਕੀਤੀ ਹੈ ਜਦੋਂਕਿ 16 ਛੱਪੜਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਨੇ ਇਕ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਕੀਤੇ ਮਾਡਲ ਦਾ ਵਿਰੋਧ ਕੀਤਾ ਤਾਂ ਡਾ. ਬਲਬੀਰ ਸਿੰਘ ਨੇ ਮਾਡਲ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਉਸ ਛੱਪੜ ਦਾ ਪਾਣੀ-ਪੀਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋ ਗਏ ਸਨ ਤੇ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਨੂੰ ਥਾਪਰ ਅਤੇ ਚੰਡੀਗੜ੍ਹ ਦੇ ਪੈਕ ਇੰਜਨੀਅਰਿੰਗ ਕਾਲਜ ਦੇ ਮਾਹਿਰ ਇੰਜਨੀਅਰਾਂ ਦੀ ਮਦਦ ਲੈਣੀ ਚਾਹੀਦੀ ਹੈ।

ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿੰਦੀ ਹੈ ਸਰਕਾਰ: ਕਟਾਰੂਚੱਕ

ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਵਿੱਚ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਇਹ ਪ੍ਰਗਟਾਵਾ ਸ੍ਰੀ ਕਟਾਰੂਚੱਕ ਨੇ ਹਲਕਾ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਕੀਤਾ ਹੈ।

ਸੜਕਾਂ ’ਤੇ ਕੈਟ ਆਈਜ਼ ਲਾਏ ਜਾਣਗੇ: ਈਟੀਓ

ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੂਬੇ ਵਿੱਚ ਧੁੰਦ ਦੇ ਮੌਸਮ ਦੌਰਾਨ ਸੜਕ ਹਾਦਸ ਠੱਲ੍ਹਣ ਲਈ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਉਨ੍ਹਾਂ ਇਹ ਪ੍ਰਗਟਾਵਾ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪੁੱਛੇ ਸਵਾਲ ਦੇ ਜਵਾਬ ਦੌਰਾਨ ਕੀਤਾ।

ਬਜਟ ‘ਰੰਗਲੇ ਪੰਜਾਬ’ ਦੀ ਰੂਪ-ਰੇਖਾ: ਅਰੋੜਾ

ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਬਦਲਦਾ ਪੰਜਾਬ’ ਬਜਟ 2025-26 ਨੂੰ ‘ਰੰਗਲਾ ਪੰਜਾਬ’ ਦੀ ਰੂਪ-ਰੇਖਾ ਕਰਾਰ ਦਿੱਤਾ ਹੈ। ਇਸ ਬਜਟ ਵਿੱਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਯੋਜਨਾ ਤਹਿਤ ਲੋਕਾਂ ਦੇ ਦਰਾਂ ਉੱਤੇ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਡਿਲਿਵਰੀ ਚਾਰਜ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ 70 ਰੁਪਏ ਦਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਇਸ ਨਾਲ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਸਿੱਧਾ ਵਿੱਤੀ ਲਾਭ ਹੋਵੇਗਾ। ਇਸ ਸਕੀਮ ਤਹਿਤ ਨਾਗਰਿਕ ਹੈਲਪਲਾਈਨ 1076 ’ਤੇ ਕਾਲ ਕਰ ਕੇ ਘਰ ਬੈਠੇ 406 ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੇ ਸ਼ਾਸਨ ਕਾਲ ਵਿੱਚ ਨੌਜਵਾਨਾਂ ਨੂੰ 51,655 ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਹੁਨਰ ਸਿਖਲਾਈ ਅਤੇ ਕਰੀਅਰ ਕਾਉਂਸਲਿੰਗ ਰਾਹੀਂ ਰੁਜ਼ਗਾਰ ਯੋਗਤਾ ਵਿੱਚ ਵਿਸ਼ੇਸ਼ ਤੌਰ ’ਤੇ ਵਾਧਾ ਕਰਨ ਲਈ ਸੂਬਾ ਸਰਕਾਰ ਨੇ ਬਜਟ ਵਿੱਚ 230 ਕਰੋੜ ਰੁਪਏ ਦਾ ਮਤਾ ਰੱਖਿਆ ਹੈ। ਇਸ ਸਾਲ 24,345 ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਲਈ ਕਰਜ਼ੇ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਇਸ ਬਜਟ ਵਿੱਚ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਲਈ 585 ਕਰੋੜ ਰੁਪਏ (ਪ੍ਰਤੀ ਹਲਕਾ ਪੰਜ ਕਰੋੜ ਰੁਪਏ) ਰਾਖਵੇਂ ਰੱਖੇ ਹਨ।

ਬਜਟ ਵਿੱਚ ਪੰਜਾਬ ਵਿਜ਼ਨ 2047 ਦੀਆਂ ਰਣਨੀਤੀਆਂ ਸ਼ਾਮਲ: ਸਾਹਨੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ‘ਪੰਜਾਬ ਵਿਜ਼ਨ 2047: ਪੰਜਾਬ ਦੀ ਤਰੱਕੀ ਦਾ ਬਲੂਪ੍ਰਿੰਟ’ ਦੀਆਂ ਮੁੱਖ ਸਿਫ਼ਾਰਸ਼ਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਬਲੂਪ੍ਰਿੰਟ ਪੰਜਾਬ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ ਸੀ। ਡਾ. ਸਾਹਨੀ ਨੇ ਕਿਹਾ ਕਿ ਉਦਯੋਗਿਕ ਅਤੇ ਆਰਥਿਕ ਪੁਨਰ ਸੁਰਜੀਤੀ ਲਈ ਵੰਡ ਉਦਯੋਗਿਕ ਆਧੁਨਿਕੀਕਰਨ ਅਤੇ ਹੁਨਰ ਵਿਕਾਸ ਲਈ ਸਿਫ਼ਾਰਸ਼ਾਂ ਦੇ ਅਨੁਸਾਰ ਹੈ।

Advertisement
×