DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨਪੀਐੱਸ ਮੁਲਾਜ਼ਮਾਂ ਨੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਪਹਿਲੀ ਅਗਸਤ ਨੂੰ ਜ਼ਿਲ੍ਹਾ ਪੱਧਰੀ ਰੋਸ ਮਾਰਚ ਕਰਨ ਦਾ ਐਲਾਨ; 25 ਨਵੰਬਰ ਨੂੰ ਐੱਨ.ਪੀ.ਐੱਸ. ਪੀੜਤ ਕਰਮਚਾਰੀ ਕਰਨਗੇ ਦਿੱਲੀ ਵੱਲ ਕੂਚ
  • fb
  • twitter
  • whatsapp
  • whatsapp
Advertisement

ਕੁਲਦੀਪ ਸਿੰਘ

ਪੰਜਾਬ ਸਰਕਾਰ ਅਤੇ ਕੇਂਦਰ ਵਿਚਲੀ ਮੋਦੀ ਹਕੂਮਤ ਵੱਲੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਨੇ ਦੋਵਾਂ ਸਰਕਾਰਾਂ ਖਿਲਾਫ਼ ਸੰਘਰਸ਼ ਦਾ ਸਾਂਝਾ ਮੋਰਚਾ ਖੋਲ੍ਹ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ’ਤੇ ਦਿੱਤੇ ਪ੍ਰੋਗਰਾਮ ਨੂੰ ਦੋਵੇਂ ਜਥੇਬੰਦੀਆਂ ਮਿਲ ਕੇ ਲਾਗੂ ਕਰਨਗੀਆਂ। ਇਸੇ ਲੜੀ ਤਹਿਤ 1 ਅਗਸਤ 2025 ਨੂੰ ਦੇਸ਼ ਦੇ ਹਰੇਕ ਜ਼ਿਲ੍ਹਾ ਹੈੱਡ-ਕੁਆਰਟਰ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵਾਸਤੇ ਐੱਨ.ਪੀ.ਐੱਸ. ਅਤੇ ਯੂ.ਪੀ.ਐੱਸ. ਦੀ ਵਿਰੋਧਤਾ ਸਮੇਤ ਵਿਭਾਗਾਂ ਦੇ ਨਿੱਜੀਕਰਨ ਵਿਰੁੱਧ ਇੱਕ ਦਿਨਾਂ ਰੋਸ ਮਾਰਚ ਕੱਢਿਆ ਜਾਵੇਗਾ। ਇਸ ਤੋਂ ਇਲਾਵਾ 5 ਸਤੰਬਰ 2025 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਇੱਕ ਦਿਨਾ ਭੁੱਖ ਹੜਤਾਲ ਰੱਖੀ ਜਾਵੇਗੀ। ਇਸ ਉਪਰੰਤ 1 ਅਕਤੂਬਰ 2025 ਨੂੰ ਸੋਸ਼ਲ ਮੀਡੀਆ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 25 ਨਵੰਬਰ 2025 ਨੂੰ ਦਿੱਲੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐੱਨ.ਪੀ.ਐੱਸ. ਅਤੇ ਯੂ.ਪੀ.ਐੱਸ. ਵਿਰੋਧਤਾ ਅਤੇ ਨਿੱਜੀਕਰਨ ਖ਼ਿਲਾਫ਼ ਕੌਮੀ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਦੇਸ਼ ਭਰ ਦੇ ਐੱਨ.ਪੀ.ਐੱਸ. ਮੁਲਾਜ਼ਮ ਹਿੱਸਾ ਲੈਣਗੇ। ਇਸੇ ਦੌਰਾਨ ਜਨਰਲ ਸਕੱਤਰ ਜਰਨੈਲ ਸਿੰਘ ਅਤੇ ਰਣਬੀਰ ਢੱਡੇ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਕੇ ਪੁਰਾਣੀ ਪੈਨਸ਼ਨ ਬਹਾਲੀ ਤੋਂ ਭੱਜ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਤੇ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਰਾਜ ਵਿੱਚ ਯੂ.ਪੀ.ਐੱਸ. ਲਾਗੂ ਕਰ ਕੇ ਐੱਨ.ਪੀ.ਐੱਸ. ਕਰਮਚਾਰੀਆਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕ ਰਹੇ ਹਨ।

Advertisement

ਸੂਬਾਈ ਆਗੂ ਜਗਸੀਰ ਸਿੰਘ ਸਹੋਤਾ, ਅਜੀਤਪਾਲ ਸਿੰਘ ਜੱਸੋਵਾਲ, ਰਣਬੀਰ ਸਿੰਘ ਉੱਪਲ, ਲਖਵਿੰਦਰ ਸਿੰਘ ਭੋਰ, ਜਸਵਿੰਦਰ ਸਿੰਘ ਜੱਸਾ, ਕਰਮਜੀਤ ਸਿੰਘ ਤਾਮਕੋਟ, ਬਿਕਰਮ ਕੱਦੋਂ ਤੇ ਵਰਿੰਦਰ ਵਿੱਕੀ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਜਵਾਬ ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲ ਕਰ ਕੇ ਪੰਜਾਬ ਵਿੱਚੋਂ ਦਿੱਤਾ ਜਾਵੇਗਾ।

Advertisement
×