ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਦੀ ਮੌਤ ’ਤੇ ਮੁਆਵਜ਼ਾ ਨਹੀਂ: ਸੁਪਰੀਮ ਕੋਰਟ
ਨਵੀਂ ਦਿੱਲੀ, 3 ਜੁਲਾਈ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੀਮਾ ਕੰਪਨੀਆਂ ਉਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਨਹੀਂ ਹਨ, ਜਿਨ੍ਹਾਂ ਦੀ ਮੌਤ ਉਨ੍ਹਾਂ ਦੇ ਤੇਜ਼ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਹੋਈ ਹੋਵੇ। ਜਸਟਿਸ ਪੀਐੱਸ ਨਰਸਿਮਹਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦੇ ਸਮੇਂ ਮਾਰੇ ਗਏ ਵਿਅਕਤੀ ਦੀ ਪਤਨੀ, ਪੁੱਤਰ ਅਤੇ ਮਾਤਾ-ਪਿਤਾ ਦੁਆਰਾ ਮੰਗੇ ਗਏ 80 ਲੱਖ ਰੁਪਏ ਦੇ ਮੁਆਵਜ਼ੇ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਸਿਖਰਲੀ ਅਦਾਲਤ ਨੇ ਕਰਨਾਟਕ ਹਾਈ ਕੋਰਟ ਵੱਲੋਂ ਪਿਛਲੇ ਸਾਲ 23 ਨਵੰਬਰ ਨੂੰ ਸੁਣਾਏ ਹੁਕਮ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਮ੍ਰਿਤਕ ਦੇ ਕਾਨੂੰਨੀ ਵਾਰਸਾਂ ਵੱਲੋਂ ਮੁਆਵਜ਼ਾ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ। ਬੈਂਚ ਨੇ ਬੁੱਧਵਾਰ ਨੂੰ ਸੁਣਾਏ ਫ਼ੈਸਲੇ ਵਿੱਚ ਕਿਹਾ, ‘‘ਅਸੀਂ ਹਾਈ ਕੋਰਟ ਵੱਲੋਂ ਪਾਸ ਕੀਤੇ ਗਏ ਫ਼ੈਸਲੇ ਵਿੱਚ ਦਖ਼ਲ ਦੇਣ ਦੇ ਇੱਛੁਕ ਨਹੀਂ ਹਾਂ। ਇਸ ਲਈ ਸਪੈਸ਼ਲ ਲੀਵ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।’’ ਮਾਮਲੇ ਅਨੁਸਾਰ 18 ਜੂਨ, 2014 ਨੂੰ ਜਦੋਂ ਹਾਦਸਾ ਵਾਪਰਿਆ ਸੀ ਤਾਂ ਐੱਨਐੱਸ ਰਵੀਸ਼ ਨਾਮ ਦਾ ਵਿਅਕਤੀ ਮੱਲਾਸਾਂਦਰਾ ਪਿੰਡ ਤੋਂ ਅਰਾਸੀਕੇਰੇ ਸ਼ਹਿਰ ਜਾ ਰਿਹਾ ਸੀ ਅਤੇ ਕਾਰ ਵਿੱਚ ਉਸ ਦੇ ਪਿਤਾ, ਭੈਣ ਅਤੇ ਬੱਚੇ ਵੀ ਸਵਾਰ ਸਨ। ਅਦਾਲਤ ਨੇ ਪਾਇਆ ਕਿ ਰਵੀਸ਼ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਿਆਂ ਲਾਪਰਵਾਹੀ ਨਾਲ ਕਾਰ ਚਲਾਈ ਅਤੇ ਉਹ ਵਾਹਨ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਕਾਰ ਸੜਕ ’ਤੇ ਪਲਟ ਗਈ ਸੀ। -ਪੀਟੀਆਈ