ਪੁਲੀਸ ਹਿਰਾਸਤ ’ਚੋਂ ਫ਼ਰਾਰ ਮੁਲਜ਼ਮ ਦੀ ਮਾਂ ਵੱਲੋਂ ਹਾਈ ਕੋਰਟ ’ਚ ਪਟੀਸ਼ਨ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 2 ਜੁਲਾਈ
ਥਾਣਾ ਸਦਰ ਅਹਿਮਦਗੜ੍ਹ ਵੱਲੋਂ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਦੇ ਸਿਵਲ ਹਸਪਤਾਲ ਮਾਲੇਰਕੋਟਲਾ ’ਚੋਂ ਮੈਡੀਕਲ ਕਰਵਾਉਣ ਵੇਲੇ ਫ਼ਰਾਰ ਹੋਣ ਪਿੱਛੋਂ ਮੁਲਜ਼ਮ ਦੀ ਮਾਂ ਨੇ ਥਾਣਾ ਸਿਟੀ-1 ਮਾਲੇਰਕੋਟਲਾ ਅਤੇ ਸੀਆਈਏ ਮਾਹੋਰਾਣਾ ਪੁਲੀਸ ’ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ। ਉਧਰ, ਵਕੀਲ ਭੀਸ਼ਮ ਕਿੰਗਰ ਰਾਹੀਂ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿੱਚ ਸਾਜਿਦਾ ਵਾਸੀ ਹਥੋਆ, ਸੀਮਾ ਪਤਨੀ ਸਫੀਕ, ਸਫੀਕ ਪੁੱਤਰ ਮੁਹੰਮਦ ਇਸ਼ਹਾਕ ਅਤੇ 14 ਸਾਲਾ ਮੁਹੰਮਦ ਸਹੇਲ ਸਾਰੇ ਵਾਸੀ ਈਦਗਾਹ ਰੋਡ ਮਾਲੇਰਕੋਟਲਾ ਵੱਲੋਂ ਲਾਏ ਦੋਸ਼ਾਂ ਸਬੰਧੀ ਹਾਈ ਕੋਰਟ ਨੇ ਮਾਲੇਰਕੋਟਲਾ ਪੁਲੀਸ ਕੋਲੋਂ 28 ਜੁਲਾਈ ਨੂੰ ਜਵਾਬ ਤਲਬ ਕਰ ਲਿਆ ਹੈ। ਪਟੀਸ਼ਨਰ ਸਾਜਿਦਾ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਸਿਵਲ ਹਸਪਤਾਲ ਮਾਲੇਰਕੋਟਲਾ ’ਚ ਮੈਡੀਕਲ ਲਈ ਲਿਆਂਦਾ ਉਸ ਦਾ ਪੁੱਤਰ ਮੁਹੰਮਦ ਰਹਿਮਾਨ 15 ਜੂਨ ਨੂੰ ਪੁਲੀਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ। ਮਗਰੋਂ ਪੁਲੀਸ ਨੇ 15 ਜੂਨ ਨੂੰ ਉਸ ਦੀ ਭਾਲ ਲਈ ਛਾਪਾ ਮਾਰ ਕੇ ਪਟੀਸ਼ਨਕਰਤਾ ਨੂੰ ਘਰੋਂ ਕਥਿਤ ਤੌਰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਸਿਟੀ-1 ਮਾਲੇਰਕੋਟਲਾ ਲਿਜਾ ਕੇ ਉਸ ’ਤੇ ਤਸ਼ੱਦਦ ਢਾਹਿਆ। ਪਟੀਸ਼ਨਰ ਸਾਜਿਦਾ ਮੁਤਾਬਿਕ ਉਸ ਵੱਲੋਂ ਆਪਣੇ ਪੁੱਤਰ ਨੂੰ 2019 ਵਿੱਚ ਬੇਦਖ਼ਲ ਕਰਨ ਦਾ ਦਿੱਤਾ ਹਲਫੀਆ ਬਿਆਨ ਵੀ ਪੁਲੀਸ ਅਧਿਕਾਰੀਆਂ ਨੂੰ ਦਿਖਾਇਆ ਪਰ ਪੁਲੀਸ ਨੇ 17 ਜੂਨ ਨੂੰ ਦੂਜੀ ਪਟੀਸ਼ਨਰ ਸੀਮਾ ਨੂੰ ਘਰੋਂ ਚੁੱਕ ਕੇ ਸੀਆਈਏ ਮਾਹੋਰਾਣਾ ’ਚ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਕੁੱਟਿਆ। ਵਾਰਡ ਦੀ ਕੌਂਸਲਰ ਦੀ 18 ਜੂਨ ਨੂੰ ਮੁੜ ਥਾਣੇ ਆਉਣ ਦੀ ਗਾਰੰਟੀ ’ਤੇ ਬੇਸ਼ੱਕ ਪੁਲੀਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਪਰ ਅਗਲੇ ਦਿਨ ਫਿਰ ਪੁਲੀਸ ਉਨ੍ਹਾਂ ਦੇ ਘਰ ਪਹੁੰਚ ਗਈ ਅਤੇ ਕਥਿਤ ਕੁੱਟਮਾਰ ਕਰਕੇ ਥਾਣਾ ਸਿਟੀ-1 ਮਾਲੇਰਕੋਟਲਾ ਲੈ ਗਈ ਅਤੇ 19 ਜੂਨ ਨੂੰ ਸੀਆਈਏ ਮਾਹੋਰਾਣਾ ਲਿਜਾ ਕੇ ਮੁੜ ਕੁੱਟਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵਾਲੇ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ। ਪੁਲੀਸ ਦੇ ਤਸ਼ੱਦਦ ਤੋਂ ਡਰਦਿਆਂ ਉਨ੍ਹਾਂ ਨੇ 25 ਜੂਨ ਨੂੰ ਡੀਜੀਪੀ ਪੰਜਾਬ ਨੂੰ ਲਿਖਤੀ ਬੇਨਤੀ ਕਰਕੇ ਸਬੰਧਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।
ਪੁਲੀਸ ਨੇ ਕਿਸੇ ਨੂੰ ਨਹੀਂ ਫੜਿਆ: ਇੰਸਪੈਕਟਰ ਹਰਸਿਮਰਨਜੀਤ
ਸੀਆਈਏ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਬੰਧਤ ਮਹਿਲਾ ਦੇ ਦੋਵੇਂ ਪੁੱਤਰਾਂ ’ਤੇ ਲੁੱਟਾਂ ਖੋਹਾਂ ਸਣੇ ਗੰਭੀਰ ਅਪਰਾਧਾਂ ’ਚ ਸ਼ਮੂਲੀਅਤ ਦੇ ਪਰਚੇ ਦਰਜ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਏ ਮੁਲਜ਼ਮ ਦੀ ਭਾਲ ਦੌਰਾਨ ਪੁਲੀਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਨਹੀਂ ਫੜਿਆ ਗਿਆ, ਕਿਸੇ ਕਿਸਮ ਦੇ ਤਸ਼ੱਦਦ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।