ਮੌਨਸੂਨ ਨੇ ਉੱਤਰ-ਪੱਛਮੀ ਭਾਰਤ ’ਚ ਦਿੱਤੀ ਦਸਤਕ
ਚੰਡੀਗੜ੍ਹ (ਵਿਜੈ ਮੋਹਨ): ਦੱਖਣ-ਪੱਛਮੀ ਮੌਨਸੂਨ ਨੇ ਉੱਤਰ-ਪੱਛਮੀ ਭਾਰਤ ’ਚ ਠੀਕ ਉਸੇ ਦਿਨ ਦਸਤਕ ਦੇ ਦਿੱਤੀ ਹੈ ਜਿਸ ਦਿਨ ਇਸ ਦੀ ਉਮੀਦ ਸੀ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਕਿਹਾ ਕਿ ਮੌਨਸੂਨ ਉੱਤਰਾਖੰਡ ਤੇ ਵਧੇਰੇ ਹਿੱਸਿਆਂ, ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਤੇ ਲੱਦਾਖ ਦੇ ਕੁਝ ਹਿੱਸਿਆਂ ’ਚ ਅੱਗੇ ਵੱਧ ਚੁੱਕਾ ਹੈ। ਅਗਲੇ ਦੋ ਦਿਨਾਂ ਅੰਦਰ ਜੰਮੂ ਕਸ਼ਮੀਰ, ਲੱਦਾਖ ਦੇ ਬਾਕੀ ਹਿੱਸਿਆਂ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ’ਚ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਢੁੱਕਵੀਆਂ ਬਣ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਅੱਜ ਦਿੱਤੀ ਜਾਣਕਾਰੀ ਅਨੁਸਾਰ ਮੌਨਸੂਨ ਹੁਣ ਬਾੜਮੇਰ, ਜੈਪੁਰ, ਆਗਰਾ, ਰਾਮਪੁਰ, ਦੇਹਰਾਦੂਨ, ਸ਼ਿਮਲਾ, ਮਨਾਲੀ ਤੇ ਲੱਦਾਖ ਦੇ ਨਿਓਮਾ ਤੋਂ ਹੋ ਕੇ ਲੰਘ ਰਿਹਾ ਹੈ। ਵਿਭਾਗ ਨੇ ਕਿਹਾ ਕਿ 22 ਜੂਨ ਤੋਂ ਉੱਤਰ ਪੱਛਮੀ ਭਾਰਤ ’ਚ ਭਰਵੇਂ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਮੌਨਸੂਨ 27 ਜੂਨ ਨੂੰ ਹਿਮਾਚਲ ਪ੍ਰਦੇਸ਼ ਪੁੱਜੇਗਾ। ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 20 ਤੋਂ 26 ਜੂਨ ਦੌਰਾਨ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅਤੇ 21-22 ਜੂਨ ਅਤੇ 25-26 ਜੂਨ ਨੂੰ ਜੰਮੂ ਕਸ਼ਮੀਰ ਤੇ ਲੱਦਾਖ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
22 ਜੂਨ ਨੂੰ ਦੱਖਣੀ ਹਰਿਆਣਾ ਅਤੇ 22-26 ਜੂਨ ਦੌਰਾਨ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 20-26 ਜੂਨ ਦੌਰਾਨ ਉੱਤਰ ਪੱਛਮੀ ਭਾਰਤ ਦੀਆਂ ਜ਼ਿਆਦਾਤਰ ਥਾਵਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਨਾਲ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 30 ਜੂਨ ਤੋਂ 5 ਜੁਲਾਈ ਵਿਚਾਲੇ ਪੰਜਾਬ ਤੇ ਹਰਿਆਣਾ ’ਚ ਮੌਨਸੂਨ ਦੇ ਦਸਤਕ ਦੇਣ ਦੀ ਉਮੀਦ ਹੈ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪ੍ਰੀ-ਮੌਨਸੂਨ ਦਾ ਮੀਂਹ ਪੈ ਰਿਹਾ ਹੈ।
ਪੰਜਾਬ ਤੇ ਹਰਿਆਣਾ ’ਚ ਤਾਪਮਾਨ ਘਟਿਆ
ਲੰਘੇ 24 ਘੰਟਿਆਂ ਦਰਮਿਆਨ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ’ਚ ਹਲਕਾ ਮੀਂਹ ਪਿਆ ਹੈ ਜਿਸ ਕਾਰਨ ਦਿਨ ਦੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਕੁਝ ਇਲਾਕਿਆਂ ’ਚ ਤਾਪਮਾਨ ਆਮ ਨਾਲੋਂ 3 ਡਿਗਰੀ ਜਦਕਿ ਹਰਿਆਣਾ ’ਚ 6.5 ਡਿਗਰੀ ਘੱਟ ਰਿਹਾ। ਆਈਐੱਮਡੀ ਨੇ ਅਗਲੇ ਚਾਰ ਦਿਨਾਂ ਅੰਦਰ ਦੋਵਾਂ ਰਾਜਾਂ ’ਚ ਵੱਧ ਤੋਂ ਵੱਧ ਤਾਪਮਾਨ 3-4 ਡਿਗਰੀ ਸੈਲਸੀਅਤ ਘਟਣ ਦੀ ਉਮੀਦ ਜਤਾਈ ਹੈ।
ਹਿਮਾਚਲ ’ਚ ਭਾਰੀ ਮੀਂਹ ਕਾਰਨ ਕਈ ਥਾਈਂ ਢਿੱਗਾਂ ਡਿੱਗੀਆਂ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਅੱਜ ਕਈ ਥਾਵਾਂ ’ਤੇ ਢਿੱਗਾਂ ਡਿੱਗੀਆਂ। ਮੌਸਮ ਵਿਗਿਆਨ ਕੇਂਦਰ ਨੇ ਸੂਬੇ ਦੇ ਕੁਝ ਇਲਾਕਿਆਂ ’ਚ 22 ਤੋਂ 26 ਜੂਨ ਤੱਕ ਬਹੁਤ ਭਾਰੀ ਮੀਂਹ ਲਈ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਧਰਮਸ਼ਾਲਾ-ਚਤਰੋ-ਗੱਗਲ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਹੈ ਅਤੇ ਸੜਕ ਨੂੰ ਦੁਬਾਰਾ ਚਾਲੂ ਕਰਨ ਦਾ ਕੰਮ ਜਾਰੀ ਹੈ। ਦੂਜੇ ਪਾਸੇ ਅੱਪਰ ਸ਼ਿਮਲਾ ਖੇਤਰ ’ਚ ਤਾਉਣੀ-ਹਾਟਕੋਟੀ ਮਾਰਗ ਦਾ ਇੱਕ ਹਿੱਸਾ ਵੀ ਢਿੱਗਾਂ ਡਿੱਗਣ ਕਾਰਨ ਨੁਕਸਾਨਿਆ ਗਿਆ ਹੈ। ਪੰਡੋਹ ਦੇ ਸ਼ਹੀਦ ਇੰਦਰ ਸਿੰਘ ਮਿਡਲ ਸਕੂਲ ’ਚ ਪਾਣੀ ਭਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ