ਪਿੰਡ ਰੋੜਕੀ ’ਚ ਕਬੂਤਰ ਚੋਰੀ ਕਰਨ ਦੇ ਸ਼ੱਕ ਮਗਰੋਂ ਨਾਬਾਲਗ ਦਾ ਕਤਲ ਕਰ ਦਿੱਤਾ ਗਿਆ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਾ ਸਿੰਘ (13) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਦੇ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਗਏ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਰਾਜਾ ਸਿੰਘ ਨੇ ਉਨ੍ਹਾਂ ਦੇ ਕਬੂਤਰ ਚੋਰੀ ਕੀਤੇ ਹਨ। ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਉਸ ਦਾ ਲੜਕਾ ਘਰੋਂ ਬਾਹਰ ਗਿਆ ਤਾਂ ਉਨ੍ਹਾਂ ਨੇ ਰਾਜਾ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਪਿੰਡ ਦੇ ਬਾਹਰ ਇੱਕ ਦਰੱਖ਼ਤ ’ਤੇ ਲਟਕਾ ਦਿੱਤੀ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੁਲੀਸ ਨੇ ਤਿਰਲੋਚਨ ਸਿੰਘ, ਤੇਜਾ ਸਿੰਘ ਅਤੇ ਕਾਲਾ ਸਿੰਘ ਵਾਸੀ ਰੋੜਕੀ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਭਾਲ ਸ਼ੁਰੂ ਕਰ ਦਿੱਤੀ ਹੈ।