ਅਮਰੀਕਾ ਨਾਲ ਸਬੰਧਤ ਨਸ਼ਾ ਤਸਕਰੀ ਗਰੋਹ ਦਾ ਮੈਂਬਰ ਅਸਲੇ ਸਣੇ ਕਾਬੂ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਜੂਨ
ਇੱਥੋਂ ਦੀ ਪੁਲੀਸ ਨੇ ਅਮਰੀਕਾ ਤੋਂ ਨਸ਼ਿਆਂ ਦਾ ਕਾਰੋਬਾਰ ਚਲਾ ਰਹੇ ਸੌਰਵ ਜਿੰਦਲ ਉਰਫ਼ ਸੌਬੀ ਗਰੋਹ ਦੇ ਮੈਂਬਰ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਵੱਲੋਂ 7 ਮਈ ਨੂੰ ਸਾਹਿਲਪ੍ਰੀਤ ਸਿੰਘ ਵਾਸੀ ਪਿੰਡ ਕਿਲ੍ਹਾ ਬਰੂਨ ਨੂੰ 149 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਉਸ ਖ਼ਿਲਾਫ਼ ਥਾਣਾ ਸਦਰ ਵਿਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸੌਰਵ ਜਿੰਦਲ ਉਰਫ਼ ਸੌਬੀ ਵਾਸੀ ਕੀਰਤੀ ਨਗਰ ਹਾਲ ਵਾਸੀ ਅਮਰੀਕਾ ਵਲੋਂ ਆਪਣੇ ਸਾਥੀਆਂ ਹੇਮੰਤ ਅਤੇ ਨੀਰਜ ਕੁਮਾਰ ਜ਼ਰੀਏ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ। ਸੀਆਈਏ ਸਟਾਫ਼ ਦੀ ਪੁਲੀਸ ਨੇ 14 ਮਈ ਨੂੰ ਹੇਮੰਤ ਵਾਸੀ ਜਲੰਧਰ ਨੂੰ ਦੇਸੀ ਪਿਸਤੌਲ 315 ਬੋਰ ਤੇ ਰੋਂਦ ਸਣੇ ਗ੍ਰਿਫ਼ਤਾਰ ਕਰ ਲਿਆ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਨੀਰਜ ਕੁਮਾਰ ਵਾਸੀ ਹਰਦੋਖਾਨਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਪਾਸੋਂ 32 ਬੋਰ ਦੇ ਦੋ ਪਿਸਤੌਲ ਅਤੇ 9 ਐੱਮਐੱਮ ਦਾ ਪਿਸਤੌਲ ਬਰਾਮਦ ਹੋਇਆ।