ਪਟਾਕਾ ਫੈਕਟਰੀ ਧਮਾਕੇ ’ਚ ਜ਼ਖ਼ਮੀ ਕਾਰੀਗਰਾਂ ਦੇ ਅਹਿਮ ਖੁਲਾਸੇ
ਇਕਬਾਲ ਸਿੰਘ ਸ਼ਾਂਤ
ਲੰਬੀ, 2 ਜੂਨ
ਫਤੂਹੀਵਾਲਾ ਦੀ ਪਟਾਕਾ ਫੈਕਟਰੀ ਧਮਾਕੇ ਵਿੱਚ ਜ਼ਖ਼ਮੀ ਕਾਰੀਗਰਾਂ ਨੇ ਫੈਕਟਰੀ ਦੇ ਕੰਮ-ਕਾਜ ਸਬੰਧੀ ਅਹਿਮ ਖੁਲਾਸੇ ਕੀਤੇ ਹਨ। ਕਾਰੀਗਰਾਂ ਮੁਤਾਬਕ ਫੈਕਟਰੀ ਵਿੱਚ ‘ਮਾਚਿਸ’ ਪਟਾਕੇ ਬਣਾਉਣ ਲਈ ਕਥਿਤ ਵਿਦੇਸ਼ੀ ਕੈਮੀਕਲ 999 ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਚੰਗਿਆੜੀ ਦੇ ਇਸ ਕੈਮੀਕਲ ਦੇ ਸੰਪਰਕ ਵਿੱਚ ਆਉਣ ਮਗਰੋਂ ਧਮਾਕਾ ਹੋਇਆ। ਇਹ ਕੈਮੀਕਲ ਚੀਨ ਤੋਂ ਮੰਗਵਾਇਆ ਜਾਂਦਾ ਹੈ। ਬਾਰੂਦੀ ਕੈਮੀਕਲ ਬੀਤੇ ਪੰਜ-ਛੇ ਮਹੀਨਿਆਂ ਤੋਂ ਇਲਾਕੇ ’ਚ ਪੁੱਜਦੇ ਰਹੇ। ਪੁਲੀਸ ਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪਤਾ ਨਾ ਹੋਣ ਦੀ ਗੱਲ ਲੋਕਾਂ ਦੇ ਗਲੇ ਤੋਂ ਨਹੀਂ ਉੱਤਰ ਰਹੀ। ਕਾਰੀਗਰਾਂ ਨੇ ਫੈਕਟਰੀ ’ਚ ਰੋਜ਼ਾਨਾ ਕਈ ਬਰਾਂਡਾਂ ਦੇ ਕਰੀਬ 15-16 ਲੱਖ ਰੁਪਏ ਦੇ ਮਾਚਿਸ ਪਟਾਕੇ ਬਣਨ ਦਾ ਦਾਅਵਾ ਕੀਤਾ ਹੈ ਜੋ ਦੇਹਰਾਦੂਨ ਤੇ ਜੈਪੁਰ ਸਪਲਾਈ ਹੁੰਦੇ ਸਨ। ਪਟਾਕੇ ਬਣਾਉਣ ਲਈ ਕੈਮੀਕਲ 999 ਤੋਂ ਇਲਾਵਾ ਜੂਟ, ਸਲਫ਼ਰ ਤੇ ਕੋਲਾ ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਸੀ।
ਸਿਵਲ ਹਸਪਤਾਲ ਬਾਦਲ ਵਿਖੇ ਦਾਖ਼ਲ ਪਟਾਕਾ ਕਾਰੀਗਰ ਮੋਹਿਤ ਭਾਰਤੀ ਵਾਸੀ ਹਾਥਰਸ ਨੇ ਦੱਸਿਆ ਕਿ ਉਹ ਘਟਨਾ ਮੌਕੇ ਫੈਕਟਰੀ ਅੱਗੇ ਜਾਗਦਾ ਪਿਆ ਸੀ। ਉਸ ਨੇ ਮੌਸਮ ਖ਼ਰਾਬ ਹੋਣ ਕਾਰਨ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਵੇਖ ਕੇ ਰਾਤ ਦੀ ਸ਼ਿਫ਼ਟ ਵਿੱਚ ਤਾਇਨਾਤ 15 ਕਾਰੀਗਰਾਂ ਨੂੰ ਚੌਕਸ ਕੀਤਾ।
ਮੋਹਿਤ ਮੁਤਾਬਕ ਜਦੋਂ ਤੱਕ ਕਾਰੀਗਰ ਪਟਾਕਾ ਮੇਕਿੰਗ ਯੂਨਿਟ ਵਿੱਚੋਂ ਦੌੜ ਕੇ ਬਾਹਰ ਆਏ ਤਾਂ ਧਮਾਕਾ ਹੋ ਗਿਆ। ਜ਼ਖ਼ਮੀ ਕਾਰੀਗਰ ਟਿੰਕੂ ਵਾਸੀ ਹਾਥਰਸ ਨੇ ਦੱਸਿਆ ਕਿ ਇਹ ਧਮਾਕਾ ਬਿਜਲੀ ਦੀ ਸਪਾਰਕਿੰਗ ਕਾਰਨ ਹੋਇਆ।
ਠੇਕੇਦਾਰ ਦਾ ਦੋ ਰੋਜ਼ਾ ਪੁਲੀਸ ਰਿਮਾਂਡ
ਪੁਲੀਸ ਨੇ ਪਟਾਕਾ ਫੈਕਟਰੀ ਧਮਾਕਾ ਮਾਮਲੇ ਵਿੱਚ ਸਹਿ-ਮੁਲਜ਼ਮ ਠੇਕੇਦਾਰ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਲੋਟ ’ਚ ਜੁਡੀਸ਼ਲ ਮੈਜਿਸਟਰੇਟ ਸੁਮਨਦੀਪ ਕੌਰ ਦੀ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਫੈਕਟਰੀ ਮਾਲਕ ਤੇ ‘ਆਪ’ ਆਗੂ ਤਰਸੇਮ ਸਿੰਘ ਤੇ ਉਸ ਦੇ ਪੁੱਤਰ ਨਵਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਵੇਂ ਪਿਓ-ਪੁੱਤ ਚਾਰ ਦਿਨਾ ਪੁਲੀਸ ਰਿਮਾਂਡ ’ਤੇ ਹਨ। ਥਾਣਾ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਮਾਮਲੇ ਦੇ ਤੱਥ ਜੁਟਾਏ ਜਾ ਰਹੇ ਹਨ।