ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਦਾ ਮੁਖੀ ਤੇ ਸੀਨੀਅਰ ਸਹਾਇਕ ਮੁਅੱਤਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੁਲਾਈ
ਪੰਜਾਬੀ ਯੂਨੀਵਰਸਿਟੀ ਦੇ ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਵੱਲੋਂ ਯੂਜੀਸੀ ਨਾਲ ਸਬੰਧਤ ਕੋਰਸਾਂ ਦੀ ਸਮੇਂ ਸਿਰ ਫੀਸ ਨਾ ਭਰਨ ਕਰ ਕੇ ਐਤਕੀਂ ਅਜਿਹੇ ਕਈ ਕੋਰਸਾਂ ਲਈ ਯੂਨੀਵਰਸਿਟੀ ਨੂੰ ਪ੍ਰਵਾਨਗੀ ਨਹੀਂ ਮਿਲ ਸਕੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਦਾ ਨੋਟਿਸ ਲੈਂਦਿਆਂ ਵਿਭਾਗ ਦੇ ਮੁਖੀ ਡਾ. ਸਤਿਨਾਮ ਸਿੰਘ ਸੰਧੂ ਅਤੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਾ. ਸੰਧੂ ਦੇ ਵਿਦੇਸ਼ ਗਏ ਹੋਣ ਕਰ ਕੇ ਉਨ੍ਹਾਂ ਦਾ ਕਾਰਜਭਾਰ ਡਾ. ਹਰਵਿੰਦਰ ਕੌਰ ਸੰਭਾਲ ਰਹੇ ਹਨ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਇਸ ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਵੱਲੋਂ ਯੂਜੀਸੀ ਨਾਲ ਸਬੰਧਤ ਜਿਹੜੇ ਕੋਰਸ ਕਰਵਾਏ ਜਾਂਦੇ ਹਨ, ਉਨ੍ਹਾਂ ਸਬੰਧੀ ਬਣਦੀ ਤਕਰੀਬਨ 3 ਲੱਖ ਰੁਪਏ ਪ੍ਰਵਾਨਗੀ ਫੀਸ ਯੂਜੀਸੀ ਕੋਲ 31 ਮਾਰਚ 2023 ਤੱਕ ਜਮ੍ਹਾਂ ਕਰਵਾਉਣੀ ਸੀ ਪਰ ਇਹ ਫੀਸ ਸਮੇਂ ਸਿਰ ਨਾ ਜਮ੍ਹਾਂ ਕਰਵਾਉਣ ਕਾਰਨ ਯੂਜੀਸੀ ਤੋਂ ਚਾਲੂ ਅਕਾਦਮਿਕ ਸੈਸ਼ਨ ਲਈ ਇਨ੍ਹਾਂ ਕੋਰਸਾਂ ਲਈ ਪ੍ਰਵਾਨਗੀ ਨਹੀਂ ਮਿਲ ਸਕੀ, ਜਿਸ ਦੇ ਚੱਲਦਿਆਂ ਹੀ ਇਹ ਐਕਸ਼ਨ ਲਿਆ ਗਿਆ ਹੈ।
ਯੂਜੀਸੀ ਵੱਲੋਂ ਕੋਰਸਾਂ ਦੀ ਪ੍ਰਵਾਨਗੀ ਨਾ ਦੇਣ ਕਰ ਕੇ ਯੂਨੀਵਰਸਿਟੀ ਵੱਲੋਂ ਇੱਕ ਅਦਾਲਤੀ ਕੇਸ ਵੀ ਦਾਇਰ ਕੀਤਾ ਗਿਆ ਸੀ ਪਰ ਹਾਲ ਹੀ ’ਚ ਇਹ ਕੇਸ ਯੂਨੀਵਰਸਿਟੀ ਨੇ ਵਾਪਸ ਲੈ ਲਿਆ ਹੈ। ਭਾਵੇਂ ਇਸ ਦੀ ਅਧਿਕਾਰਤ ਤੌਰ ’ਤੇ ਤਾਂ ਪੁਸ਼ਟੀ ਨਹੀਂ ਹੋ ਸਕੀ ਪਰ ਆਹਲਾ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਰਸਾਂ ਸਬੰਧੀ ਪ੍ਰਵਾਨਗੀ ਦੇਣ ’ਤੇ ਬਣੀ ਸਹਿਮਤੀ ਤਹਿਤ ਹੀ ਇਹ ਕੇਸ ਵਾਪਸ ਲਿਆ ਗਿਆ ਹੈ।