ਛੇ ਕਿੱਲੋ ਹੈਰੋਇਨ ਤੇ ਤਿੰਨ ਪਿਸਤੌਲਾਂ ਸਣੇ ਚਾਰ ਕਾਬੂ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਜੂਨ
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਦੋ ਵੱਖ-ਵੱਖ ਅਪਰੇਸ਼ਨਾਂ ਦੌਰਾਨ 6 ਕਿੱਲੋ 235 ਗ੍ਰਾਮ ਹੈਰੋਇਨ, 2 ਪੀਐਕਸ 5 ਪਿਸਤੌਲ (30 ਬੋਰ), ਦੇਸੀ ਪਿਸਤੌਲ (30 ਬੋਰ), 4 ਰੌਂਦ (30 ਬੋਰ) ਅਤੇ 10,000 ਡਰੱਗ ਮਨੀ ਅਤੇ 3 ਮੋਬਾਈਲ ਫੋਨਾਂ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਐੱਸਐੇੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈੱਲ ਵੱਲੋ ਪੁਲ ਬਰਸਾਤੀ ਨਾਲਾ ਪਿੰਡ ਬਰਾੜ ਵਿੱਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪਿੰਡ ਬਰਾੜ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਮੁਸਤੈਦੀ ਵਰਤਦਿਆਂ ਸਬੰਧਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ।
ਇਸ ਦੌਰਾਨ ਮੁਲਜ਼ਮਾਂ ਨੇ ਪੁੱਛ ਪੜਤਾਲ ਦੌਰਾਨ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਅਤੇ ਬਲਵਿੰਦਰ ਸਿੰਘ ਉਰਫ ਬੌਬੀ ਦੱਸਿਆ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਨੌਜਵਾਨਾਂ ਦੀਆਂ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਨੌਜਵਾਨਾਂ ਤੋਂ 6 ਕਿੱਲੋ 150 ਗ੍ਰਾਮ ਹੈਰੋਇਨ, 1 ਪੀਐਕਸ 5 ਪਿਸਤੌਲ (30 ਬੋਰ), 4 ਰੌਂਦ (30 ਬੋਰ), 10,000 ਡਰੱਗ ਮਨੀ ਅਤੇ ਮੋਬਾਈਲ ਫੋਨ ਬਰਾਮਦ ਕੀਤਾ। ਦੂਜੇ ਦੋ ਮੁਲਜ਼ਮ ਅਟਾਰੀ ਤੋਂ ਕਾਬੂ ਕੀਤੇ ਗਏ। ਇਨ੍ਹਾਂ ਮੁਲਜ਼ਮਾਂ ਕੋਲੋਂ 85 ਗਰਾਮ ਹੈਰੋਇਨ, ਦੋ ਪਿਸਤੌਲ ਅਤੇ ਦੋ ਮੋਬਾਈਲ ਬਾਰਮਦ ਹੋਏ ਹਨ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਗੋਪੀ ਅਤੇ ਵਿਸ਼ਾਲ ਸਿੰਘ ਵਾਸੀ ਅਟਾਰੀ ਵਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਸ ਸਬੰਧੀ ਕਾਰਵਾਈ ਕਰ ਰਹੀ ਹੈ।