ਖਾਦਾਂ ਦੀਆਂ ਕੀਮਤਾਂ ’ਚ 460 ਰੁਪਏ ਪ੍ਰਤੀ ਕੁਇੰਟਲ ਵਾਧਾ
ਮਨੋਜ ਸ਼ਰਮਾ
ਬਠਿੰਡਾ, 2 ਅਪਰੈਲ
ਖਾਦ ਕੰਪਨੀਆਂ ਨੇ ਕਿਸਾਨਾਂ ਨੂੰ ਆਰਥਿਕ ਝਟਕਾ ਦਿੰਦਿਆਂ ਦੇਸ਼ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐੱਨਪੀਕੇ ਖਾਦ ਦੀ ਕੀਮਤ 460 ਰੁਪਏ ਪ੍ਰਤੀ ਕੁਇੰਟਲ (230 ਰੁਪਏ ਪ੍ਰਤੀ 50 ਕਿਲੋ ਗੱਟਾ) ਵਧਾ ਦਿੱਤੀ। ਇਸ ਵਾਧੇ ਦਾ ਵਿਰੋਧ ਕਰਦੇ ਹੋਏ ਲੱਖੋਵਾਲ-ਟਿਕੈਤ ਦੇ ਸੂਬਾ ਜਰਨਲ ਸਕੱਤਰ, ਸਰੂਪ ਸਿੰਘ ਰਾਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ ਦੀ ਸਬਸਿਡੀ ਵਧਾਈ ਜਾਵੇ, ਤਾਂ ਜੋ ਖਾਦਾਂ ਦੀਆਂ ਕੀਮਤਾਂ ਘੱਟ ਹੋਣ ’ਤੇ ਕਿਸਾਨਾਂ ਨੂੰ ਆਰਥਿਕ ਰਾਹਤ ਮਿਲੇ। ਪੰਜਾਬ ਦੇ ਕਿਸਾਨਾਂ ਨੇ ਨਵੰਬਰ 2024 ਵਿੱਚ ਡੀਏਪੀ ਦੀ ਘਾਟ ਕਾਰਨ ਐੱਨਪੀਕੇ (12:32:16) ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਸੀ। ਹੁਣ ਖਾਦ ਅਤੇ ਬੀਜ ਦੀ ਲਾਗਤ ਵਧਣ ਨਾਲ, ਕਿਸਾਨਾਂ ਨੂੰ ਦੁੱਗਣੀ ਮਾਰ ਪੈ ਰਹੀ ਹੈ। ਸ੍ਰੀ ਰਾਮਾ ਨੇ ਦੱਸਿਆ ਕਿ ਖਾਦ ਕੰਪਨੀਆਂ ਨੇ ਐੱਨਪੀਕੇ ਖਾਦ ਗਰੇਡ 12:32:16 ਅਤੇ 10:26:26 ਦੀ ਕੀਮਤ 1700 ਰੁਪਏ ਪ੍ਰਤੀ ਗੱਟਾ ਕਰ ਦਿੱਤੀ ਹੈ, ਜਦਕਿ ਪਹਿਲਾਂ ਇਹ 1470 ਰੁਪਏ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਡੀਏਪੀ ਦੀ ਬਜਾਏ ਐੱਨਪੀਕੇ ਖਾਦ ਦੀ ਵੱਧ ਵਰਤੋਂ ਕਰਦੇ ਹਨ। ਕਿਸਾਨ ਆਗੂ ਨੇ ਕਿਹਾ ਦੇਸ਼ ਵਿੱਚ ਪ੍ਰਤੀ ਵਰ੍ਹਾ ਐੱਨਪੀਕੇ ਦੀ 105 ਲੱਖ ਟਨ, ਡੀਏਪੀ ਦੀ 103 ਲੱਖ , ਪੋਟਾਸ਼ ਦੀ 38 ਲੱਖ ਅਤੇ ਯੂਰੀਆ ਦੀ 325 ਲੱਖ ਟਨ ਵਰਤੋਂ ਹੁੰਦੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਕੇਂਦਰ ਸਰਕਾਰ ਨੇ ਖਾਦ ਸਬਸਿਡੀ ਵਿੱਚ ਵਾਧਾ ਨਾ ਕੀਤਾ ਤਾਂ ਆਉਣ ਵਾਲੇ ਸਾਉਣੀ ਸੀਜ਼ਨ ਵਿੱਚ ਖਾਦ ਕੰਪਨੀਆਂ ਡੀਏਪੀ ਦੀ ਕੀਮਤ 450 ਤੋਂ 500 ਰੁਪਏ ਪ੍ਰਤੀ ਕੁਇੰਟਲ ਵਧਾ ਸਕਦੀਆਂ ਹਨ।