DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੱਕੀ ਐੱਮਐੱਸਪੀ ਤੋਂ ਘੱਟ ਭਾਅ ’ਤੇ ਵਿਕਣ ਕਾਰਨ ਕਿਸਾਨਾਂ ’ਚ ਰੋਸ

ਕਿਸਾਨ ਮੱਕੀ ਦੀ ਫਸਲ ਐੱਮਐੱਸਪੀ ਤੋਂ ਤਿੰਨ-ਚਾਰ ਸੌ ਰੁਪਏ ਪ੍ਰਤੀ ਕੁਇੰਟਲ ਘਾਟੇ ’ਤੇ ਵੇਚਣ ਲਈ ਮਜਬੂਰ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 17 ਜੂਨ

Advertisement

ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਰੋਕਣ ਲਈ ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ, ਦਾਲਾਂ ਤੇ ਹੋਰਨਾਂ ਫ਼ਸਲਾਂ ਦੀ ਬਿਜਾਈ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰ ਸੂਬੇ ਵਿੱਚ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਡੀਆਂ ਵਿੱਚ ਮੱਕੀ ਦੀ ਫ਼ਸਲ ਵੇਚਣ ਲਈ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਮੱਕੀ ਦੀ ਫ਼ਸਲ 2440 ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਤੋਂ ਘੱਟ ਭਾਅ ’ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਰਕੇ ਕਿਸਾਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਮੱਕੀ ਦੀ ਜ਼ਿਆਦਾ ਪੈਦਾਵਾਰ ਦੁਆਬਾ ਖੇਤਰ ਵਿੱਚ ਹੁੰਦੀ ਹੈ। ਉਸ ਇਲਾਕੇ ਵਿੱਚ ਕਿਸਾਨਾਂ ਨੂੂੰ ਮੱਕੀ ਐੱਮਐੱਸਪੀ ਨਾਲੋਂ ਘੱਟ ਭਾਅ ’ਤੇ ਵੇਚਣੀ ਪੈ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ, ਗੜ੍ਹਸ਼ੰਕਰ ਤੇ ਹੋਰ ਇਲਾਕਿਆਂ ਵਿੱਚ ਸੁੱਕੀ ਮੱਕੀ ਦੀ ਫ਼ਸਲ ਐੱਮਐੱਸਪੀ ਦੇ ਮੁਕਾਬਲੇ 2000 ਤੋਂ 2100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਣੀ ਪੈ ਰਹੀ ਹੈ। ਗਿੱਲੀ ਮੱਕੀ ਦੀ ਫ਼ਸਲ 1300 ਤੋਂ 1700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਇੰਨਾ ਹੀ ਨਹੀਂ, ਅੱਜ ਮੀਂਹ ਪੈਣ ਤੋਂ ਬਾਅਦ ਗਿੱਲੀ ਮੱਕੀ ਦੀ ਫ਼ਸਲ ਦਾ ਭਾਅ 1100 ਤੋਂ 1500 ਰੁਪਏ ਕੁਇੰਟਲ ਹੀ ਦਿੱਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਮੋਗਾ ਵਿੱਚ ਮੱਕੀ ਦੀ ਫ਼ਸਲ 1900 ਤੋਂ 2000 ਰੁਪਏ ਪ੍ਰਤੀ ਕੁਇੰਟਲ, ਕੋਟਕਪੂਰਾ ਵਿੱਚ 2000 ਤੋਂ 2100 ਰੁਪਏ ਪ੍ਰਤੀ ਕੁਇੰਟਲ, ਜਗਰਾਓਂ ਵਿੱਚ 1900 ਰੁਪਏ ਪ੍ਰਤੀ ਕੁਇੰਟਲ ਅਤੇ ਸਮਾਣਾ ਮੰਡੀ ਵਿੱਚ 2000 ਤੋਂ 2100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਮਾਲਵਾ ਖੇਤਰ ਵਿੱਚ ਮੱਕੀ ਦੀ ਫ਼ਸਲ ਐੱਮਐੱਸਪੀ ਤੋਂ 200 ਤੋਂ 300 ਰੁਪਏ ਘਾਟੇ ’ਤੇ ਵਿਕ ਰਹੀ ਹੈ। ਐੱਮਐੱਸਪੀ ਤੋਂ ਘੱਟ ਭਾਅ ’ਤੇ ਫ਼ਸਲ ਵਿਕਣ ਕਰਕੇ ਕਿਸਾਨਾਂ ਨੂੂੰ ਵਧੇਰੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 4.5 ਲੱਖ ਤੋਂ 5 ਲੱਖ ਏਕੜ ਰਬਕੇ ਵਿੱਚ ਮੱਕੀ ਦੀ ਪੈਦਾਵਾਰ ਹੁੰਦੀ ਹੈ, ਪਰ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੂੰ ਝੋਨੇ ਦੀ ਫ਼ਸਲ ਦੀ ਪੈਦਾਵਾਰ ਛੱਡ ਕੇ ਮੱਕੀ ਦੀ ਫ਼ਸਲ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਲਈ ਸੂਬਾ ਸਰਕਾਰ ਨੇ ਝੋਨੇ ਦੀ ਫ਼ਸਲ ਛੱਡ ਕੇ ਮੱਕੀ ਦੀ ਫ਼ਸਲ ਦਾ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ 17,500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਵੀ ਕੀਤਾ ਸੀ।

ਯੂਪੀ ਵਿੱਚ ਪਹਿਲੀ ਵਾਰ ਐੱਮਐੱਸਪੀ ’ਤੇ ਖਰੀਦੀ ਜਾਵੇਗੀ ਮੱਕੀ

ਯੂਪੀ ਸਰਕਾਰ ਨੇ ਬੀਤੇ ਦਿਨ ਤੋਂ ਪਹਿਲੀ ਵਾਰ ਐੱਮਐੱਸਪੀ ’ਤੇ ਮੱਕੀ ਦੀ ਫ਼ਸਲ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਲਈ ਸੂਬਾ ਸਰਕਾਰ ਨੇ ਮੱਕੀ ਦੀ ਐੱਮਐੱਸਪੀ 2225 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮੱਕੀ ਦੀ ਫਸਲ 15 ਜੂਨ ਤੋਂ 31 ਜੁਲਾਈ ਤੱਕ ਖਰੀਦਣ ਦੀ ਫ਼ੈਸਲਾ ਕੀਤਾ ਹੈ।

ਸਰਕਾਰ ’ਤੇ ਠੋਸ ਪ੍ਰਬੰਧ ਨਾ ਕਰਨ ਦਾ ਲਾਇਆ ਦੋਸ਼

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਮੱਕੀ ਦੀ ਫ਼ਸਲ ਐੱਮਐੱਸਪੀ ਤੋਂ ਘੱਟ ਭਾਅ ’ਤੇ ਵਿਕਣ ’ਤੇ ਸਰਕਾਰ ਦੇ ਪ੍ਰਬੰਧਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲ ਚੱਕਰ ’ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਲਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ। ਸੂਬਾ ਸਰਕਾਰ ਨੂੰ ਪਹਿਲ ਦੇ ਆਧਾਰ ’ਤੇ ਕਣਕ ਤੇ ਝੋਨੇ ਤੋਂ ਇਲਾਵਾ ਬਾਸਮਤੀ, ਮੱਕੀ, ਮੂੰਗੀ, ਆਲੂ, ਮਟਰ ਤੇ ਗੋਭੀ ਦੀ ਫ਼ਸਲ ’ਤੇ ਐੱਮਐੱਸਪੀ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਯਕੀਨੀ ਬਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਲਈ ਕਿਸਾਨ ਪੱਖੀ ਫੈਸਲੇ ਲੈਣੇ ਚਾਹੀਦੇ ਹਨ।

Advertisement
×