DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠੋਈ ਕਲਾਂ ’ਚ ਸ਼ਾਮਲਾਟ ਦੀ ਬੋਲੀ ਮੌਕੇ ਕਿਸਾਨ ਤੇ ਦਲਿਤ ਭਿੜੇ

ਅੱਧੀ ਦਰਜਨ ਫੱਟੜ; ਸੌ ਏਕੜ ਦੀ ਕਰਵਾਈ ਬੋਲੀ ਦੌਰਾਨ 80 ਏਕੜ ਠੇਕੇ ’ਤੇ ਚੜ੍ਹੀ
  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਸੜਕ ’ਤੇ ਧਰਨਾ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਮੈਂਬਰ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 4 ਜੂਨ

Advertisement

ਕਈ ਵਰ੍ਹਿਆਂ ਤੋਂ 200 ਕਿਸਾਨ ਪਰਿਵਾਰਾਂ ਵੱਲੋਂ ਵਾਹੀ ਜਾ ਰਹੀ ਪਿੰਡ ਬਠੋਈ ਕਲਾਂ ਦੀ ਕਰੀਬ 600 ਏਕੜ ਸ਼ਾਮਲਾਟ ਜ਼ਮੀਨ ਵਾਲੇ ਵਿਵਾਦ ਦੌਰਾਨ ਅਦਾਲਤੀ ਸਟੇਅ ਤੋਂ ਬਚੀ 100 ਏਕੜ ਜ਼ਮੀਨ ਨੂੰ ਚਕੌਤੇ ’ਤੇ ਦੇਣ ਮੌਕੇ ਇੱਥੇ ਸਥਿਤ ਬੀਡੀਪੀਓ ਦਫ਼ਤਰ ਵਿੱਚ ਪਿੰਡ ਦੇ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਮੈਂਬਰ ਜ਼ਖ਼ਮੀ ਹੋ ਗਏ। ਉਧਰ, ਅਜਿਹੇ ਹੰਗਾਮੇ ਦੇ ਬਾਵਜੂਦ ਪੰਚਾਇਤ ਵਿਭਾਗ 100 ਵਿੱਚੋਂ 70 ਏਕੜ ਜ਼ਮੀਨ ਦੀ ਬੋਲੀ, ਨਿਲਾਮੀ ਕਰਵਾਉਣ ਵਿੱਚ ਸਫ਼ਲ ਰਿਹਾ। ਕਿਸਾਨਾਂ ਵੱਲੋਂ ਕੀਤੀ ਕਾਨੂੰਨੀ ਕਾਰਵਾਈ ਦੇ ਚੱਲਦਿਆਂ 600 ਏਕੜ ਵਿੱਚੋਂ ਕਰੀਬ 500 ਏਕੜ ਜ਼ਮੀਨ ’ਤੇ ਸਟੇਅ ਹੋ ਗਈ। ਬਾਕੀ 98 ਏਕੜ ਦੀ ਅੱਜ ਜਦੋਂ ਚਕੌਤੇ ਲਈ ਬੋਲੀ ਕਰਵਾਈ ਜਾ ਰਹੀ ਸੀ, ਤਾਂ ਕਿਸਾਨ ਜਥੇਬੰਦੀ ਉਗਰਾਹਾਂ ਦੇ ਸਹਿਯੋਗ ਨਾਲ ਕਿਸਾਨਾਂ ਨੇ ਬੀਡੀਪੀਓ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ। ਆਪਣੇ ਹਿੱਸੇ ਦੀ 33 ਫ਼ੀਸਦੀ ਜ਼ਮੀਨ ਚਕੌਤੇ ’ਤੇ ਲੈਣ ਲਈ ਪਿੰਡ ਦੇ ਮਜ਼ਦੂਰ, ਦਲਿਤ ਪਰਿਵਾਰ ਵੀ ਪੁੱਜ ਗਏ। ਇਸ ਦੌਰਾਨ ਝੜਪ ਹੋ ਗਈ। ਇਸ ਦੌਰਾਨ ਜਿੱਥੇ ਮਜ਼ਦੂਰ ਪਰਿਵਾਰਾਂ ਦੇ ਅੱਧੀ ਦਰਜਨ ਮੈਂਬਰ ਜ਼ਖ਼ਮੀ ਹੋ ਗਏ ਤੇ ਕੁਝ ਦੀਆਂ ਪੱਗਾਂ ਵੀ ਲੱਥ ਗਈਆਂ। ਕਿਸਾਨ ਪਰਿਵਾਰਾਂ ਨੇ ਵੀ ਦੂਜੀ ਧਿਰ ’ਤੇ ਸੱਟਾਂ ਮਾਰਨ ਦੇ ਦੋਸ਼ ਲਾਏ ਹਨ। ਮੌਕੇ ’ਤੇ ਮੌਜੂਦ ਡੀਡੀਪੀਓ ਤੇ ਬੀਬੀਡੀਓ ਦਾ ਕਹਿਣਾ ਸੀ ਕਿ 98 ਵਿੱਚੋਂ 70 ਏਕੜ ਜ਼ਮੀਨ ਦੋਵਾਂ ਵਰਗਾਂ ਵੱਲੋਂ ਚਕੌਤੇ ’ਤੇ ਲੈ ਲਈ ਹੈ ਤੇ ਬਾਕੀ 30 ਏਕੜ ਵੀ ਜਲਦੀ ਚਾੜ੍ਹ ਦਿੱਤੀ ਜਾਵੇਗੀ। ਅਸਲ ’ਚ ਕਿਸਾਨ ਨਹੀਂ ਚਾਹੁੰਦੇ ਕਿ ਇਹ ਜ਼ਮੀਨ ਉਨ੍ਹਾਂ ਦੇ ਕਬਜ਼ੇ ਹੇਠੋਂ ਨਿਕਲੇ ਜਦਕਿ ਪ੍ਰਸ਼ਾਸਨ ਇਸ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਬਜ਼ਿੱਦ ਰਿਹਾ। ਇਸ ਤਹਿਤ ਪਿੰਡ ਦੇ ਮਜ਼ਦੂਰ ਪਰਿਵਾਰਾਂ ਵੱੱਲੋਂ ਆਪਣਾ ਹੱਕ ਹਾਸਲ ਕਰਨ ਲਈ ਬੋਲੀ ਦੇਣ ਦੀ ਹਿੰਮਤ ਦਿਖਾਈ ਗਈ। ਇਸੇ ਦੌਰਾਨ ਨੈਬ ਸਿੰਘ, ਦਰਸ਼ਨ ਸਿੰਘ ਤੇ ਹੋਰਾਂ ਨੂੰ ਰਾਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਦਕਿ ਬਲਕਾਰ ਸਿੰਘ, ਗੁਰਮੇਲ ਸਿੰਘ, ਲਖਵਿੰਦਰ ਸਿੰਘ, ਵਿੱਕੀ ਸਿੰਘ ਤੇ ਸੁਖਵੀਰ ਸਿੰਘ ਦੇ ਗੁੱਝੀਆਂ ਸੱਟਾਂ ਵੱਜੀਆਂ ਹਨ। ਉਧਰ, ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਾਸਟਰ ਬਲਰਾਜ ਜੋਸ਼ੀ ਤੇ ਜਸਵਿੰਦਰ ਬਰਾਸ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਜਾਣਬੁੱਝ ਕੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਬੰਨ੍ਹੇ ਡੀਡੀਪੀਓ ਮਹਿੰਦਰਜੀਤ ਸਿੰਘ ਅਤੇ ਬੀਡੀਪੀਓ ਸੁਖਵਿੰਦਰ ਟਿਵਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਵਲ ਉਸ ਜ਼ਮੀਨ ਦੀ ਬੋਲੀ ਕਰਵਾਈ ਹੈ, ਜਿਸ ’ਤੇ ਅਦਾਲਤ ਨੇ ਸਟੇਅ ਨਹੀਂ ਸੀ ਕੀਤੀ। ਐੱਸਪੀ ਪਲਵਿੰਦਰ ਚੀਮਾ ਦਾ ਕਹਿਣਾ ਹੈ ਕਿ ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement
×