ਸਿੱਖਿਆ ਬੋਰਡ ਵੱਲੋਂ ‘ਫ਼ਰਜ਼ੀ ਭਰਤੀ’ ਦਾ ਗੰਭੀਰ ਨੋਟਿਸ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 13 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਗਏ ‘ਫਰਜ਼ੀ ਭਰਤੀ’ ਦੇ ਨੋਟਿਸ ਬਾਰੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਬੋਰਡ ਮੈਨੇਜਮੈਂਟ ਨੇ ਪੀੜਤਾਂ ਨੂੰ ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ। ਬੋਰਡ ਨੇ ਵੀ ਇਸ ਸਬੰਧੀ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਸਾਈਬਰ ਕ੍ਰਾਈਮ ਵਿੰਗ ਨੂੰ ਪੱਤਰ ਲਿਖਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਭਰਤੀ ਨੋਟਿਸ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਬੋਰਡ ਵੱਲੋਂ ਬਿਨਾਂ ਪ੍ਰੀਖਿਆ ਤੋਂ ‘ਸਿੱਧੀ ਭਰਤੀ’ ਕੀਤੀ ਜਾ ਰਹੀ ਹੈ ਅਤੇ ਇਹ ਭਰਤੀ 47,600 ਰੁਪਏ ਮਾਸਕ ਤਨਖ਼ਾਹ ’ਤੇ ਕੀਤੀ ਜਾਵੇਗੀ। ਸਿੱਖਿਆ ਬੋਰਡ ਨੇ ਇਹ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਅਪਲੋਡ ਇਹ ਭਰਤੀ ਨੋਟਿਸ ਫ਼ਰਜ਼ੀ ਅਤੇ ਗੈਰ-ਅਧਿਕਾਰਿਤ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਅਜਿਹੇ ਫ਼ਰਜ਼ੀ ਭਰਤੀ ਨੋਟਿਸਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।