‘ਪੰਜਾਬੀ ਬੋਲੀ-ਕੱਲ੍ਹ, ਅੱਜ ਅਤੇ ਭਲਕ’ ਵਿਸ਼ੇ ਬਾਰੇ ਚਰਚਾ
ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਡੇਢ ਸਾਲਾ ਇਜਲਾਸ ਵਿੱਚ ਵਿਦਵਾਨਾਂ ਨੇ ‘ਪੰਜਾਬੀ ਬੋਲੀ- ਕੱਲ੍ਹ, ਅੱਜ ਅਤੇ ਭਲਕ’ ਵਿਸ਼ੇ ’ਤੇ ਚਰਚਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤਕ ਅਤੇ ਸਭਿਆਚਾਰਕ ਗੌਰਵਮਈ ਵਿਰਸੇ ਨੂੰ ਪਛਾਣਨ ਦੀ ਲੋੜ ਹੈ ਤਾਂ ਜੋ ਅਗਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾਂ ਨਾਲ ਜੁੜੀ ਰਹੇ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਸ਼ੀਲ ਦਸਾਂਝ ਨੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਮਾਂ ਬੋਲੀ ਦੀਆਂ ਬਹੁਮੁੱਲੀਆਂ ਵਿਸ਼ਵ ਵਿਆਪੀ ਗਿਆਨ ਪਰੰਪਰਾਵਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਕਾਲਮਨਵੀਸ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸਰਕਾਰਾਂ ਨੂੰ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਚਾਹੀਦੇ ਹਨ। ਚਿੰਤਕ ਅਤੇ ਨਾਵਲਕਾਰ ਡਾ. ਮਨਮੋਹਨ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੋਂ ਪਰੋਸੀ ਜਾਂਦੀ ਭੱਦੀ ਸ਼ਬਦਾਵਲੀ ਦੀ ਨਿੰਦਾ ਕੀਤੀ। ਡਾ. ਲਖਵਿੰਦਰ ਜੌਹਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਕੀਤਾ। ਬੀਤੇ ਡੇਢ ਸਾਲ ਵਿੱਚ ਸਭਾ ਵੱਲੋਂ ਕੀਤੀਆਂ ਸਾਹਿਤਕ ਸਰਗਰਮੀਆਂ ਡਾ. ਸ਼ਿੰਦਰਪਾਲ ਸਿੰਘ ਅਤੇ ਵਿੱਤੀ ਲੈਣ-ਦੇਣ ਦੀ ਸਮੁੱਚੀ ਰਿਪੋਰਟ ਦਰਸ਼ਨ ਬੁੱਟਰ ਅਤੇ 15 ਮਤੇ ਤੇ ਐਲਾਨਨਾਮਾ ਸੁਸ਼ੀਲ ਦੁਸਾਂਝ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਪ੍ਰਵਾਨਗੀ ਦਿੱਤੀ ਗਈ।ਇਸ ਮੌਕੇ ਯਤਿੰਦਰ ਕੌਰ ਮਾਹਲ, ਦੀਪਕ ਸ਼ਰਮਾ ਚਰਨਾਰਥਲ, ਸੁਲੱਖਣ ਸਰਹੱਦੀ, ਰੋਜੀ ਸਿੰਘ, ਰਾਜਪਾਲ ਬਾਠ, ਹਰਪਾਲ ਸਿੰਘ ਨਾਗਰਾ, ਡਾ. ਬਲਜੀਤ ਢਿੱਲੋਂ, ਨਿਰਮਲ ਅਰਪਣ, ਪ੍ਰਤੀਕ ਸਹਿਦੇਵ, ਅੰਗਰੇਜ਼ ਸਿੰਘ ਵਿਰਦੀ ਆਦਿ ਹਾਜ਼ਰ ਸਨ।
ਜਸਵਿੰਦਰ, ਪਰਵਾਨਾ, ਡਾ. ਮਨਜਿੰਦਰ ਸਿੰਘ ਤੇ ਕਰਮ ਸਿੰਘ ਵਕੀਲ ਨੂੰ ਮਿਲੇ ਪੁਰਸਕਾਰ
ਕੇਂਦਰੀ ਸਭਾ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਤਹਿਤ ‘ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ’ ਗ਼ਜ਼ਲਗੋ ਜਸਵਿੰਦਰ ਨੂੰ, ‘ਡਾ. ਐੱਸ ਤਰਸੇਮ ਸਾਹਿਤ ਸਾਧਨਾ ਪੁਰਸਕਾਰ’ ਬਲਵੀਰ ਪਰਵਾਨਾ ਨੂੰ, ‘ਡਾ. ਰਵਿੰਦਰ ਰਵੀ ਆਲੋਚਨਾ ਪੁਰਸਕਾਰ’ ਡਾ. ਮਨਜਿੰਦਰ ਸਿੰਘ ਨੂੰ ਅਤੇ ‘ਗਿਆਨੀ ਹੀਰਾ ਸਿੰਘ ਜਥੇਬੰਦਕ ਪੁਰਸਕਾਰ’ ਕਰਮ ਸਿੰਘ ਵਕੀਲ ਨੂੰ ਦਿੱਤੇ ਗਏ। ਇਨ੍ਹਾਂ ਇਨਾਮਾਂ ਵਿੱਚ 11 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਹਨ।