ਮਲੋਟ ਦਾ ਦੀਪਤੀ ਬਾਂਸਲ 90 ਮਿੰਟਾਂ ’ਚ ਬਣਿਆ ਕਰੋੜਪਤੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਈ
ਮਲੋਟ ਸ਼ਹਿਰ ’ਚ ਗਰੀਨ ਵੈਲੀ ਦਾ ਰਹਿਣ ਵਾਲਾ ਦੀਪਤੀ ਬਾਂਸਲ 90 ਮਿੰਟਾਂ ਅੰਦਰ ਉਸ ਸਮੇਂ ਕਰੋੜਪਤੀ ਬਣ ਗਿਆ ਜਦੋਂ ਉਸ ਵੱਲੋਂ ਬੀਤੇ ਦਿਨ ਤਕਰੀਬਨ ਡੇਢ ਘੰਟਾ ਪਹਿਲਾਂ ਖਰੀਦੀ ‘ਨਾਗਾਲੈਂਡ ਸਟੇਡ ਡੀਅਰ 500 ਸੁਪਰ ਮਹੀਨਾਵਾਰ ਲਾਟਰੀ’ ਦੀ ਟਿਕਟ ’ਚੋਂ ਢਾਈ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ।
ਮਲੋਟ ’ਚ ਕਾਰ ਬਾਜ਼ਾਰ ਚਲਾਉਂਦੇ ਦੀਪਤੀ ਦੀ ਟਿਕਟ ਖਰੀਦਣ ਦੀ ਕੋਈ ਯੋਜਨਾ ਨਹੀਂ ਸੀ ਪਰ ਲਾਟਰੀ ਏਜੰਟ ਨਾਲ ਹੋਈ ਗੱਲਬਾਤ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਅੱਜ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੀਪਤੀ ਨੇ ਕਿਹਾ, ‘ਕੱਲ ਦਾ ਦਿਨ ਬਹੁਤ ਕਿਸਮਤ ਵਾਲਾ ਸੀ। ਮੇਰਾ ਕਾਰੋਬਾਰੀ ਭਾਈਵਾਲ ਲਾਟਰੀ ਦੀ ਟਿਕਟ ਖਰੀਦਣਾ ਚਾਹੁੰਦਾ ਸੀ ਅਤੇ ਅਸੀਂ ਇੱਕ ਲਾਟਰੀ ਏਜੰਟ ਨੂੰ ਦੁਕਾਨ ’ਤੇ ਬੁਲਾਇਆ ਜੋ ਬਾਜ਼ਾਰ ’ਚ ਘੁੰਮ ਰਿਹਾ ਸੀ। ਫਿਰ ਏਜੰਟ ਨੇ ਮੈਨੂੰ ਵੀ ਟਿਕਟ ਖਰੀਦਣ ਲਈ ਕਿਹਾ ਅਤੇ ਕਿਹਾ ਕਿ ਉਸੇ ਰਾਤ ਡਰਾਅ ਨਿਕਲ ਜਾਵੇਗਾ।’ ਉਨ੍ਹਾਂ ਦੱਸਿਆ, ‘ਮੈਂ ਉਸ ਨੂੰ ਕਿਹਾ ਕਿ ਕੋਈ ਵੀ ਟਿਕਟ ਦੇ ਦਿਉ ਤੇ ਬੱਸ ਹੋ ਗਿਆ। ਤਕਰੀਬਨ ਡੇਢ ਘੰਟੇ ਬਾਅਦ ਮੈਨੂੰ ਉਸੇ ਏਜੰਟ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਮੈਨੂੰ 2.5 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ।’ ਉਨ੍ਹਾਂ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਇਸ ਰਕਮ ਦੀ ਵਰਤੋਂ ਬਾਰੇ ਬਾਅਦ ਵਿੱਚ ਯੋਜਨਾ ਬਣਾਉਣਗੇ।