ਸੀਬੀਐੱਸਈ 2026 ਤੋਂ ਦੋ ਵਾਰ ਲਵੇਗਾ ਦਸਵੀਂ ਦੀ ਬੋਰਡ ਪ੍ਰੀਖਿਆ
ਨਵੀਂ ਦਿੱਲੀ, 25 ਜੂਨ
ਸੀਬੀਐੱਸਈ ਦੇ ਦਸਵੀਂ ਦੇ ਵਿਦਿਆਰਥੀ 2026 ਤੋਂ ਇੱਕ ਵਿੱਦਿਅਕ ਸੈਸ਼ਨ ’ਚ ਦੋ ਵਾਰ ਬੋਰਡ ਪ੍ਰੀਖਿਆ ਦੇ ਸਕਣਗੇ, ਹਾਲਾਂਕਿ ਫਰਵਰੀ ਹੋਣ ਵਾਲੀ ਪਹਿਲੇ ਗੇੜ ਦੀ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਈ ’ਚ ਹੋਣ ਵਾਲਾ ਦੂਜਾ ਗੇੜ ਉਨ੍ਹਾਂ ਵਿਦਿਆਰਥੀਆਂ ਲਈ ਆਪਸ਼ਨਲ ਹੋਵੇਗਾ, ਜਿਹੜੇ ਆਪਣੀ ਪਹਿਲੀ ਕਾਰਗੁਜ਼ਾਰੀ ਸੁਧਾਰਨਾ ਚਾਹੁੰਦੇ ਹਨ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 10ਵੀਂ ਲਈ ਸਾਲ ’ਚ ਦੋ ਵਾਰ ਪ੍ਰੀਖਿਆ ਕਰਵਾਉਣ ਦੇ ਨੇਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਦੀ ਨਵੀਂ ਕੌਮੀ ਸਿੱਖਿਆ ਨੀਤੀ (ਐੱਨਈਪੀ) ਵਿੱਚ ਸਿਫਾਰਸ਼ ਕੀਤੀ ਗਈ ਹੈ।
ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਐੱਸ. ਭਾਰਦਵਾਜ ਨੇ ਕਿਹਾ, ‘‘ਪ੍ਰੀਖਿਆ ਦਾ ਪਹਿਲਾ ਗੇੜ ਫਰਵਰੀ ਵਿੱਚ ਅਤੇ ਦੂਜਾ ਗੇੜ ਮਈ ਵਿੱਚ ਕਰਵਾਇਆ ਜਾਵੇਗਾ। ਦੋਵਾਂ ਗੇੜਾਂ ਦੇ ਨਤੀਜੇ ਕ੍ਰਮਵਾਰ ਅਪਰੈਲ ਤੇ ਜੂਨ ਵਿੱਚ ਐਲਾਨੇ ਜਾਣਗੇ।’’ ਉਨ੍ਹਾਂ ਆਖਿਆ, ‘‘ਵਿਦਿਆਰਥੀਆਂ ਲਈ ਪਹਿਲੇ ਗੇੜ ’ਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ, ਜਦਕਿ ਦੂਜਾ ਗੇੜ ਸਿਰਫ ਬਦਲ ਵਜੋਂ ਹੈ। ਵਿਦਿਆਰਥੀਆਂ ਨੂੰ ਸਾਇੰਸ, ਗਣਿਤ, ਸੋਸ਼ਲ ਸਾਇੰਸ ਅਤੇ ਭਾਸ਼ਾਵਾਂ ’ਚੋਂ ਕਿਸੇ ਵੀ ਤਿੰਨਾਂ ਵਿਸ਼ਿਆਂ ’ਚ ਆਪਣਾ ਪ੍ਰਦਰਸ਼ਨ ਸੁਧਾਰਨ ਦਾ ਮੌਕਾ ਮਿਲ ਸਕੇਗਾ।’’ ਤੈਅ ਨੇਮਾਂ ਮੁਤਾਬਕ ਸਰਦ ਰੁੱਤ ’ਚ ਬੰਦ ਰਹਿਣ ਵਾਲੇ ਸਕੂਲਾਂ ਦੇ ਦਸਵੀਂ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਗੇੜ (ਅਪਰੈਲ ਜਾਂ ਮਈ) ਦੀ ਪ੍ਰੀਖਿਆ ’ਚ ਸ਼ਾਮਲ ਹੋਣ ਦਾ ਬਦਲ ਮਿਲੇਗਾ। ਇਸ ਮੁਤਾਬਕ ਅਕਾਦਮਿਕ ਸੈਸ਼ਨ ਦੌਰਾਨ ਅੰਦਰੂਨੀ ਮੁਲਾਂਕਣ ਸਿਰਫ ਇੱਕ ਵਾਰ ਕੀਤਾ ਜਾਵੇਗਾ। -ਪੀਟੀਆਈ
ਦੋ ਵਾਰ ਪ੍ਰੀਖਿਆ ਨਾਲ ਤਣਾਅ ਘਟੇਗਾ: ਪ੍ਰਧਾਨ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੀਬੀਐੱਸਈ ਵੱਲੋਂ ਦਸਵੀਂ ਕਲਾਸ ਦੀ ਪ੍ਰੀਖਿਆ ਸਾਲ ’ਚ ਦੋ ਵਾਰ ਕਰਵਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ‘‘ਅਤਿ ਲੋੜੀਂਦਾ ਕਦਮ’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਤਣਾਅ ਘਟੇਗਾ, ਲਕਚਤਾ ਵਧੇਗੀ ਅਤੇ ਪੜ੍ਹਾਈ ਲਈ ਸਾਜ਼ਗਾਰ ਮਾਹੌਲ ਨੂੰ ਹੁੰਗਾਰਾ ਮਿਲੇਗਾ। ਪ੍ਰਧਾਨ ਨੇ ਐਕਸ ’ਤੇ ਲਿਖਿਆ, ‘ਇਹ ਬਹੁਤ ਸ਼ਲਾਘਾਯੋਗ ਤੇ ਜ਼ਰੂਰੀ ਕਦਮ ਹੈ। ਇਸ ਨਾਲ ਪ੍ਰੀਖਿਆ ਦਾ ਤਣਾਅ ਘੱਟ ਹੋਵੇਗਾ, ਜ਼ਿਆਦਾ ਲਚਕਤਾ ਆਵੇਗੀ ਤੇ ਸਿੱਖਣ ਲਈ ਸਾਜ਼ਗਾਰ ਮਾਹੌਲ ਮਿਲੇਗਾ। ’ -ਪੀਟੀਆਈ