DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਕਦੀ ਦਾ ਮਾਮਲਾ: ਵਿਜੀਲੈਂਸ ਵੱਲੋਂ ਐੱਸਡੀਐੱਮ ਦਫ਼ਤਰ ਦਾ ਰਿਕਾਰਡ ਜ਼ਬਤ

ਐੱਸਡੀਐੱਮ ਅਦਾਲਤ ’ਚ ਸੁਣਵਾਈ ਅਧੀਨ ਵੱਖ-ਵੱਖ ਮਾਮਲਿਆਂ ਦਾ ਰਿਕਾਰਡ ਵੀ ਕਬਜ਼ੇ ’ਚ ਲਿਆ
  • fb
  • twitter
  • whatsapp
  • whatsapp
featured-img featured-img
ਸਟੈਨੋ ਜਤਿੰਦਰ ਸਿੰਘ ਨੀਟਾ ਨੂੰ ਲੈ ਕੇ ਰਿਕਾਰਡ ਜ਼ਬਤ ਕਰਨ ਜਾਂਦੀ ਹੋਈ ਵਿਜੀਲੈਂਸ ਟੀਮ।
Advertisement

ਸੰਤੋਖ ਗਿੱਲ

ਰਾਏਕੋਟ, 13 ਜੂਨ

Advertisement

ਐੱਸਡੀਐੱਮ ਦਫ਼ਤਰ ’ਚੋਂ 24 ਲੱਖ 60 ਹਜ਼ਾਰ ਰੁਪਏ ਮਿਲਣ ਦੇ ਮਾਮਲੇ ’ਚ ਲੰਘੇ ਦਿਨ ਵਿਜੀਲੈਂਸ ਵਿਭਾਗ ਨੇ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਵਿਭਾਗ ਦੇ ਡੀਐੱਸਪੀ ਸ਼ਿਵ ਚੰਦ ਦੀ ਟੀਮ ਵੱਲੋਂ ਨਕਦੀ ਸਮੇਤ ਗ੍ਰਿਫ਼ਤਾਰ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਮੌਜੂਦਗੀ ’ਚ ਨੂਰਪੁਰਾ ਅਤੇ ਰਾਏਕੋਟ ਸਥਿਤ ਉਸ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਕੁਝ ਇਤਰਾਜ਼ਯੋਗ ਦਸਤਾਵੇਜ਼ ਤੇ ਹੋਰ ਸਮੱਗਰੀ ਕਬਜ਼ੇ ’ਚ ਲੈਣ ਦੀ ਸੂਚਨਾ ਮਿਲੀ ਹੈ।

ਜਾਂਚ ਟੀਮ ਨੇ ਸਟੈਨੋ ਦੇ ਦਫ਼ਤਰ ਦਾ ਕਾਫ਼ੀ ਰਿਕਾਰਡ ਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਕਬਜ਼ੇ ’ਚ ਲੈ ਲਈ ਹੈ। ਦੂਜੇ ਪਾਸੇ ਵਿਜੀਲੈਂਸ ਟੀਮ ਦੀ ਹਿਰਾਸਤ ਦੌਰਾਨ ਜਤਿੰਦਰ ਸਿੰਘ ਨੀਟਾ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਇੰਨਾ ਹੀ ਕਿਹਾ ਕਿ ਸਮਾਂ ਆਉਣ ’ਤੇ ਉਹ ਕਈ ਖ਼ੁਲਾਸੇ ਕਰਨਗੇ।

ਇਸ ਦੌਰਾਨ ਵਿਜੀਲੈਂਸ ਵਿਭਾਗ ਲੁਧਿਆਣਾ ਰੇਂਜ ਦੀ ਸੀਨੀਅਰ ਪੁਲੀਸ ਕਪਤਾਨ ਰੁਪਿੰਦਰ ਕੌਰ ਸਰਾਂ ਨੇ ਮਾਮਲੇ ਦੀ ਜਾਂਚ ਦੀ ਮੁੱਢਲੀ ਸਟੇਜ ’ਤੇ ਕੋਈ ਖ਼ੁਲਾਸਾ ਕਰਨ ਤੋਂ ਭਾਵੇਂ ਟਾਲਾ ਵੱਟ ਲਿਆ ਹੈ ਪਰ ਸੂਤਰਾਂ ਅਨੁਸਾਰ ਵੀਰਵਾਰ ਨੂੰ ਪਿੰਡ ਝੋਰੜਾਂ ਵਾਸੀ ਹਰਦੇਵ ਸਿੰਘ ਅਤੇ ਜੱਟਪੁਰਾ ਵਾਸੀ ਰਘਵੀਰ ਸਿੰਘ ਦੇ ਜ਼ਮੀਨੀ ਮਾਮਲਿਆਂ ਦੇ ਕੇਸਾਂ ਦੀ ਫਾਈਲਾਂ ਕਬਜ਼ੇ ’ਚ ਲਈਆਂ ਹਨ। ਇਨ੍ਹਾਂ ਸ਼ੱਕੀ ਮਾਮਲਿਆਂ ’ਚ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਵੱਲੋਂ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ ਤੇ ਨਾ ਹੀ ਅਗਲੀ ਪੇਸ਼ੀ ਮੁਕੱਰਰ ਕੀਤੀ ਗਈ ਸੀ। ਅਦਾਲਤੀ ਸੁਣਵਾਈ ਦਾ ਹੋਰ ਰਿਕਾਰਡ ਵੀ ਕਬਜ਼ੇ ’ਚ ਲਿਆ ਗਿਆ ਹੈ।

ਵਿਧਾਇਕ ਦੇ ਨਿੱਜੀ ਸਹਾਇਕ ਦੇ ਬਿਆਨਾਂ ’ਤੇ ਕੇਸ ਦਰਜ

ਲੁਧਿਆਣਾ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ’ਚ ਹਲਕਾ ਰਾਏਕੋਟ ਤੋਂ ‘ਆਪ’ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨਿੱਜੀ ਸਹਾਇਕ ਕਰਮਜੀਤ ਸਿੰਘ ਵਾਸੀ ਸੁਖਾਣਾ ਦੇ ਬਿਆਨਾਂ ’ਤੇ 24 ਲੱਖ 6 ਹਜ਼ਾਰ ਰੁਪਏ ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਦੀ ਸਰਕਾਰੀ ਅਲਮਾਰੀ ’ਚੋਂ ਬਰਾਮਦ ਕਰਨ ਮਗਰੋਂ ਲੰਘੀ ਦੇਰ ਰਾਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਐੱਸਡੀਐੱਮ, ਤਹਿਸੀਲਦਾਰ ਤੇ ਉਨ੍ਹਾਂ ਦੇ ਦਫ਼ਤਰ ’ਚ ਤਾਇਨਾਤ ਸਟੈਨੋ ਜਤਿੰਦਰ ਸਿੰਘ ਖ਼ਿਲਾਫ਼ ਲੋਕਾਂ ਦੇ ਕੰਮ ਕਰਨ ਬਦਲੇ ਮੋਟੀਆਂ ਰਕਮਾਂ ਵਸੂਲਣ ਦਾ ਦੋਸ਼ ਲਾਇਆ ਹੈ।

Advertisement
×