ਨਗਰ ਕੌਸਲ ਮਾਨਸਾ ਦੀ ਚੋਣ ਦੌਰਾਨ ਐੱਸਡੀਐੱਮ ਕਾਲਾ ਰਾਮ ਕਾਂਸਲ ਨੂੰ ਕਾਂਗਰਸੀ ਕੌਂਸਲਰ ਨੇਮ ਕੁਮਾਰ ਵੱਲੋਂ ਕਥਿਤ ਤੌਰ ’ਤੇ ਅਪਸ਼ਬਦ ਬੋਲਣ ਅਤੇ ਧਮਕਾਉਣ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਕੇਸ ਦਰਜ ਕਰ ਲਿਆ। ਐੱਸਡੀਐੱਮ ਵੱਲੋਂ ਇਸ ਸਬੰਧੀ ਦਰਖਾਸਤ ਪੁਲੀਸ ਨੂੰ ਦਿੱਤੀ ਗਈ ਸੀ। ਪੁਲੀਸ ਨੇ ਘਟਨਾ ਦੀ ਪੜਤਾਲ ਆਰੰਭ ਦਿੱਤੀ ਹੈ। ਐੱਸਡੀਐੱਮ ਨੂੰ ਕਥਿਤ ਤੌਰ ’ਤੇ ਅਪਸ਼ਬਦ ਬੋਲਣ ਅਤੇ ਧਮਕਾਉਣ ਬਾਰੇ ਵੀਡੀਓ ਸ਼ੋਸਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਕੱਲ੍ਹ ਬੱਚਤ ਭਵਨ ਮਾਨਸਾ ਵਿੱਚ ਨਿਗਰਾਨ ਐੱਸਡੀਐੱਮ ਕਾਲਾ ਰਾਮ ਕਾਂਸਲ ਦੀ ਅਗਵਾਈ ਹੇਠ ਨਗਰ ਕੌਂਸਲ ਮਾਨਸਾ ਦੀ ਚੋਣ ਕਾਰਵਾਈ ਗਈ ਸੀ। ਇਸ ਚੋਣ ਵਿੱਚ ਧਾਂਦਲੀ ਦਾ ਦੋਸ਼ ਲਾਉਂਦਿਆਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਕਾਂਗਰਸੀ ਕੌਂਸਲਰ ਨੇਮ ਕੁਮਾਰ ਅਤੇ ਹੋਰ ਕੌਂਸਲਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ ਸੀ। ਉਨ੍ਹਾਂ ਚੋਣ ਵਿੱਚ ਧੱਕੇਸ਼ਾਹੀ ਕਰਨ ਦੇ ਦੋਸ਼ ਲਾਉਂਦਿਆਂ ਸੱਤਾਧਾਰੀ ਧਿਰ ਦਾ ਪੱਖ ਪੂਰਨ ਦੇ ਦੋਸ਼ ਲਾਏ। ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਕੌਂਸਲਰ ਨੇਮ ਕੁਮਾਰ ਨੇ ਅਪਸ਼ਬਦ ਬੋਲੇ ਅਤੇ ਧਮਕੀਆਂ ਦਿੱਤੀਆਂ, ਜਿਸ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਆਪਣੀ ਦਰਖਾਸਤ ਵਿੱਚ ਸਬੰਧਤ ਕੌਂਸਲਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਦੌਰਾਨ ਕੌਂਸਲਰ ਨੇਮ ਕੁਮਾਰ ਨੇ ਉਨ੍ਹਾਂ ਨੂੰ ਅਪਸ਼ਬਦ ਬੋਲੇ ਅਤੇ ਧਮਕਾਇਆ। ਥਾਣਾ ਸਿਟੀ-2 ਮਾਨਸਾ ਦੇ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਬਾਅਦ ਕੌਂਸਲਰ ਨੇਮ ਕੁਮਾਰ ਖ਼ਿਲਾਫ਼ ਅਧੀਨ ਧਾਰਾ 351, 221, 132 ਅਤੇ 126 (2) ਬੀਐੱਨਐੱਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।