DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਨੂੰ ਲੈ ਕੇ ਪੁਲੀਸ ਅਤੇ ਸੁੱਚਾ ਸਿੰਘ ਲੰਗਾਹ ਦਰਮਿਆਨ ਬਹਿਸ

ਚੌਕ ਵਿੱਚ ਸਥਾਪਤ ਕੀਤਾ ਬੁੱਤ; ਬੁੱਤ ਲਗਾਉਣ ਦੀ ਪ੍ਰਵਾਨਗੀ ਦਿਖਾਉਣ ਨੂੰ ਕਿਹਾ ਸੀ: ਡੀਐੱਸਪੀ; ਸੋਮਵਾਰ ਤਕ ਪ੍ਰਵਾਨਗੀ ਮੰਗੀ: ਡੀਸੀ
  • fb
  • twitter
  • whatsapp
  • whatsapp
Advertisement

ਐਨ ਪੀ ਧਵਨ

ਪਠਾਨਕੋਟ, 24 ਮਈ

Advertisement

ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਸਥਿਤ ਪਰਮਾਨੰਦ ਬਾਈਪਾਸ ਚੌਕ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਬਕ ਹੁੰਦਾ ਦੇਖਣ ਨੂੰ ਮਿਲਿਆ ਜਦ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਨੂੰ ਲੈ ਕੇ ਪੁਲੀਸ ਅਤੇ ਅਕਾਲੀ ਦਲ ਦੇ ਆਗੂ ਆਹਮੋ ਸਾਹਮਣੇ ਆ ਗਏ। ਪੁਲੀਸ ਦੀ ਦਖਲਅੰਦਾਜ਼ੀ ਦਾ ਪਤਾ ਲੱਗਦੇ ਸਾਰ ਹੀ ਸਾਬਕਾ ਮੰਤਰੀ ਤੇ ਅਕਾਲੀ ਦਲ ਆਗੂ ਸੁੱਚਾ ਸਿੰਘ ਲੰਗਾਹ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੌਕੇ ’ਤੇ ਪੁੱਜ ਗਏ ਜਿਸ ਦੇ ਬਾਅਦ ਸਾਬਕਾ ਮੰਤਰੀ ਲੰਗਾਹ ਅਤੇ ਡੀਐਸਪੀ (ਦਿਹਾਤੀ) ਸੁਖਜਿੰਦਰ ਸਿੰਘ ਥਾਪਰ ਵਿਚਕਾਰ ਤਿੱਖੀ ਨੋਕ ਝੋਕ ਵੀ ਹੋਈ। ਦੂਸਰੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਹਰਦੀਪ ਸਿੰਘ ਅਤੇ ਤਹਿਸੀਲਦਾਰ ਵਿਦਿਆ ਸਿੰਗਲਾ ਵੀ ਮੌਕੇ ਉਪਰ ਪੁੱਜੇ। ਬੁੱਤ ਦੀ ਸਥਾਪਨਾ ਨੂੰ ਲੈ ਕੇ ਸਿਆਸਤ ਕਰਨ ਵਾਲਿਆਂ ’ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵਰ੍ਹਦੇ ਨਜ਼ਰ ਆਏ। ਸੁੱਚਾ ਸਿੰਘ ਲੰਗਾਹ ਨੇ ਪੁਲੀਸ ਨੂੰ ਵੀ ਰਾਜਨੀਤਕ ਪਾਰਟੀਆਂ ਦੇ ਇਸ਼ਾਰੇ ’ਤੇ ਦਖਲਅੰਦਾਜ਼ੀ ਨਾ ਕਰਨ ਦੀ ਤਾੜਨਾ ਕੀਤੀ। ਲੰਬੀ ਬਹਿਸਬਾਜ਼ੀ ਦੇ ਬਾਅਦ ਸਾਬਕਾ ਮੰਤਰੀ ਤੇ ਅਕਾਲੀ ਦਲ ਆਗੂ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਸਥਾਪਨਾ ਕਰ ਦਿੱਤੀ ਗਈ।

ਸੁੱਚਾ ਸਿੰਘ ਲੰਗਾਹ ਦਾ ਕਹਿਣਾ ਸੀ ਕਿ ਪਹਿਲਾਂ ਸਥਾਨਕ ਲੋਕਾਂ ਨੇ ਚੌਕ ਵਿੱਚ ਦੂਸਰੇ ਪਾਸੇ ਬੁੱਤ ਲਗਾਉਣ ਦੀ ਪਰਮਿਸ਼ਨ ਲੈ ਕੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਿਆਂਦਾ ਪਰ ਕੁੱਝ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾ ਦਿੱਤਾ। ਜਦ ਕਿ ਬਾਬਾ ਸਾਹਿਬ ਵੀ ਸਭਨਾਂ ਦੇ ਸਾਂਝੇ ਹਨ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਚੌਕ ਦੇ ਦੂਸਰੇ ਪਾਸੇ ਲਗਾਉਣ ’ਤੇ ਪੁਲੀਸ ਦਖਲਅੰਦਾਜ਼ੀ ਕਰ ਰਹੀ ਹੈ। ਜਦ ਕਿ ਇਹ ਰੋਕ ਨਹੀਂ ਸਕਦੇ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਲ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ।

ਡੀਐਸਪੀ ਸੁਖਜਿੰਦਰ ਥਾਪਰ ਨੇ ਦੱਸਿਆ ਕਿ ਪਰਮਾਨੰਦ ਚੌਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਲਗਾਉਣ ਸਬੰਧੀ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨਾਲ ਗੱਲਬਾਤ ਚੱਲ ਰਹੀ ਹੈ। ਅੱਜ ਵੀ ਬੁੱਤ ਲਗਾਉਣ ਆਏ ਲੋਕਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਚੌਕ ਵਿੱਚ ਲਗਾਉਣ ਸਬੰਧੀ ਕੋਈ ਪਰਮਿਸ਼ਨ ਹੈ ਤਾਂ ਉਹ ਲਗਾ ਸਕਦੇ ਹਨ, ਨਹੀਂ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ। ਡਿਪਟੀ ਕਮਿਸ਼ਨਰ ਨੇ ਉਕਤ ਲੋਕਾਂ ਨੂੰ ਸੋਮਵਾਰ ਤੱਕ ਪਰਮਿਸ਼ਨ ਦਿਖਾਉਣ ਦਾ ਸਮਾਂ ਦਿੱਤਾ ਹੈ।

Advertisement
×