‘ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ’ ਲਈ ਅਰਜ਼ੀਆਂ ਮੰਗੀਆਂ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀ.ਐੱਮ.ਆਰ.ਬੀ.ਪੀ.) ਲਈ ਆਨਲਾਈਨ ਰਜਿਸਟਰੇਸ਼ਨ ਕਰਨ ਦੀ ਆਖ਼ਰੀ ਮਿਤੀ 31 ਜੁਲਾਈ 2025 ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਹਰ ਸਾਲ 5 ਤੋਂ 18 ਸਾਲ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਦੂਜਿਆਂ ਲਈ ਬੇਮਿਸਾਲ ਬਹਾਦਰੀ ਦਾ ਕੰਮ ਕੀਤਾ ਹੋਵੇ, ਜਿਨ੍ਹਾਂ ਨੇ ਬੇਮਿਸਾਲ ਕਾਬਲੀਅਤ, ਸ਼ਾਨਦਾਰ ਪ੍ਰਾਪਤੀਆਂ ਨਾਲ ਸਮਾਜ ’ਤੇ ਵਿਆਪਕ ਅਤੇ ਪ੍ਰਤੱਖ ਪ੍ਰਭਾਵ ਪਾਇਆ ਹੋਵੇ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ, ਕਲਾ ਤੇ ਸੱਭਿਆਚਾਰ, ਨਵੀਨਤਾ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੰਗੀ ਗਈ ਯੋਗਤਾ ਵਾਲੇ ਬੱਚੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੀ ਵੈੱਬਸਾਈਟ ’ਤੇ 31 ਜੁਲਾਈ 2025 ਤੱਕ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ, ਗਾਂਧੀ ਵਨਿਤਾ ਆਸ਼ਰਮ, ਕਪੂਰਥਲਾ ਚੌਕ ਜਲੰਧਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।