ਗੁਰਦੁਆਰਿਆਂ ਦੀ ਜਾਇਦਾਦ ਖੁਰਦ-ਬੁਰਦ ਕਰਨ ਦੇ ਦੋਸ਼
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 18 ਜੂਨ
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਬਾਨੀ ਭਾਈ ਰਣਜੀਤ ਸਿੰਘ ਨੇ ਤਰਨ ਤਾਰਨ ਸਾਹਿਬ ਵਿੱਚ ਗੁਰੂ ਘਰ ਦੀ ਕਰੋੜਾਂ ਦੀ ਜਾਇਦਾਦ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਜਾਇਦਾਦ ਸ਼ਰਧਾਲੂਆਂ ਨੇ ਗੁਰੂ ਘਰ ਨੂੰ ਦਾਨ ਵਿੱਚ ਦਿੱਤੀ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਇੱਕ ਹੋਰ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਰਾਹੀਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ, ਜਦੋਂ ਕਿ ਗੁਰੂ ਘਰ ਦੀ ਸੰਪਤੀ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਤਰਨ ਤਾਰਨ ਸਾਹਿਬ ਦੇ ਗੁਰੂ ਘਰ ਦੇ ਨਾਲ ਲੱਗਦੀ ਜਾਇਦਾਦ ਨੂੰ ਇਸ ਤੋਂ ਪਹਿਲਾਂ 40 ਵਾਰੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਬਿਨਾਂ ਕੋਈ ਬੋਲੀ ਐਲਾਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਾਥੀਆਂ ਵੱਲੋਂ ਇਹ ਜਾਇਦਾਦ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਜਾਇਦਾਦ ਦੀ ਮਾਰਕੀਟ ਕੀਮਤ 50 ਲੱਖ ਹੈ ਉਹ 9 ਲੱਖ ਅਤੇ ਜਿਸ ਦੀ ਕੀਮਤ 60 ਲੱਖ ਹੈ ਉਸ ਨੂੰ 16 ਲੱਖ ਵਿੱਚ ਵੇਚਿਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਨੇ ਦੋਸ਼ ਨਕਾਰੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਮਾਲਕੀ ਵਾਲੇ ਕੁਝ ਪਲਾਟ ਘੱਟ ਕੀਮਤ ’ਤੇ ਵੇਚਣ ਦੇ ਲਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਸਕੱਤਰ ਪ੍ਰਤਾਪ ਸਿੰਘ ਤੇ ਮੀਤ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਉਹ ਜਗ੍ਹਾ ਹੈ, ਜਿਹੜੀ ਗੁਰਦੁਆਰਾ ਸਾਹਿਬ ਦੀ ਵਰਤੋਂ ਵਿੱਚ ਨਹੀਂ ਆ ਰਹੀ ਅਤੇ ਲੋਕਾਂ ਵੱਲੋਂ ਕੀਤੇ ਕਬਜ਼ੇ ਕਾਰਨ ਇਸ ਨੂੰ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਵੇਚਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਇਸ਼ਤਿਹਾਰ ਲਾ ਕੇ ਖੁੱਲ੍ਹੀ ਬੋਲੀ ਰਾਹੀਂ ਇਹ ਜਗ੍ਹਾ ਵੇਚੀ ਹੈ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਸ਼ਹਿਰ ਦੇ ਲਾਗੇ ਜ਼ਰੂਰ ਹੈ ਪਰ ਗਲੀਆਂ ਤੰਗ ਹੋਣ ਕਰਕੇ ਇਸ ਥਾਂ ਦਾ ਮਾਰਕੀਟ ਰੇਟ ਘੱਟ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ, ਖੁਸ਼ਿਵੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਭਲਾਈਪੁਰ ’ਤੇ ਅਧਾਰਿਤ ਸਬ-ਕਮੇਟੀ ਨਿਰਧਾਰਤ ਕਰ ਕੇ ਇਸ ਥਾਂ ਦੀ ਨਿਯਮਾਂ ਅਨੁਸਾਰ ਖੁੱਲ੍ਹੀ ਬੋਲੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਵੱਲੋਂ 60 ਲੱਖ ਦੀ ਜਗ੍ਹਾ 16 ਲੱਖ ਵਿਚ ਵੇਚ ਦਿੱਤੀ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।