ਨੰਗਲ ਡੈਮ ਉੱਤੇ ‘ਆਪ’ ਵੱਲੋਂ ਬੀਬੀਐੱਮਬੀ ਖ਼ਿਲਾਫ਼ ਧਰਨਾ ਜਾਰੀ
ਬਲਵਿੰਦਰ ਰੈਤ
ਨੰਗਲ, 12 ਮਈ
ਪੰਜਾਬ ਤੋਂ ਵਾਧੂ ਪਾਣੀ ਹਰਿਆਣਾ ਨੂੰ ਦੇਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਨੰਗਲ ਡੈਮ ਵਿੱਚ ਲਗਾਤਾਰ ਲੱਗੇ ਧਰਨੇ ਵਿੱਚ ‘ਆਪ’ ਦੀ ਲੀਡਰਸ਼ਿਪ ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਗੁਰਲਾਲ ਸਿੰਘ ਘਨੌਰ, ਵਿਧਾਇਕ ਨੀਨਾ ਮਿੱਤਲ (ਰਾਜਪੁਰਾ) ਤੇ ਵਿਧਾਇਕ ਕੁਲਦੀਪ ਸਿੰਘ ਰੰਧਾਵਾ (ਡੇਰਾਬੱਸੀ) ਨੇ ਇਲਾਕਾ ਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ਤੇ ਹੱਕਾਂ ’ਤੇ ਡਾਕਾ ਮਾਰਨ ਲਈ ਲਏ ਤੁਗਲਕੀ ਫਰਮਾਨ ਵਿਰੁੱਧ ਤਿੱਖੀਆ ਤਕਰੀਰਾਂ ਕੀਤੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਨੰਗਲ ਡੈਮ ’ਤੇ ਪਾਣੀਆਂ ਦੀ ਰਾਖੀ ਲਈ ਕੀਤੀ ਜਾ ਰਹੀ ਪਹਿਰੇਦਾਰੀ ਦੀ ਨਿਗਰਾਨੀ ਕਰ ਰਹੇ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਕੁਮਾਰ ਚੱਢਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਨਲਾਇਕੀ ਤੇ ਨਾਕਾਮੀ ਕਾਰਨ ਪੰਜਾਬੀਆਂ ਨੂੰ ਅੱਜ ਆਪਣੇ ਹਿੱਤਾਂ ਤੇ ਹੱਕਾਂ ਲਈ ਸੰਘਰਸ਼ ਦਾ ਰਾਹ ਅਪਨਾਉਣਾ ਪਿਆ ਹੈ। ਪਾਣੀਆਂ ’ਤੇ ਪਹਿਰੇਦਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਗਰਾਨੀ ਵਿਚ ਹੋ ਰਹੀ ਹੈ।
ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨੀ ਦੇਣ ਲਈ ਕਦਮ ਅੱਗੇ ਵਧਾਏ ਹਨ, ਅੱਜ ਜਦੋਂ ਸਾਡਾ ਦੇਸ਼ ਜੰਗ ਵਰਗੇ ਹਾਲਾਤ ਵਿੱਚੋਂ ਲੰਘ ਰਿਹਾ ਹੈ ਤੇ ਪੰਜਾਬ ਦੇ ਲੋਕ ਪਾਣੀ ਦੀ ਰੱਖਿਆ ਲਈ ਲੜਾਈ ਲੜ ਰਹੇ ਹਨ। ਵਿਧਾਇਕ ਕੁਲਦੀਪ ਸਿੰਘ ਰੰਧਾਵਾ ਡੇਰਾਬੱਸੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਹਿਰੀ ਪਾਣੀ ਸਿੰਜਾਈ ਲਈ ਨਹੀਂ ਵਰਤਿਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਨੂੰ ਸਿੰਜਾਈ ਲਈ ਵਰਤਣ ਦੀ ਯੋਜਨਾ ਹੀ ਨਹੀਂ ਬਣਾਈ।