DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਭਾਬੀ’ ਦੇ ਕਾਤਲਾਂ ਦੀ ਹਮਾਇਤ ਕਰਨ ਵਾਲੇ 106 ਆਨਲਾਈਨ ਅਕਾਊਂਟ ਬੰਦ

ਪੁਲੀਸ ਨੇ ਪੰਜਾਬ ’ਚ ਅਮਨ-ਕਾਨੂੰਨ ਦੀ ਹਾਲਤ ਵਿਗੜਨ ਅਤੇ ਫਿਰਕੂ ਤਣਾਅ ਫੈਲਣ ਤੋਂ ਰੋਕਣ ਲਈ ਚੁੱਕਿਆ ਕਦਮ
  • fb
  • twitter
  • whatsapp
  • whatsapp
Advertisement

ਜੁਪਿੰਦਰਜੀਤ ਸਿੰਘ

ਚੰਡੀਗੜ੍ਹ, 20 ਜੂਨ

Advertisement

ਪੰਜਾਬ ਪੁਲੀਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਕਮਲ ਕੌਰ ਭਾਬੀ ਦੇ ਕਤਲ ਅਤੇ ਕਾਤਲਾਂ ਵੱਲੋਂ ਇਸ ਕਾਰੇ ਨੂੰ ਜਾਇਜ਼ ਠਹਿਰਾਉਣ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਖ਼ਾਤਿਆਂ ’ਤੇ ਪਾਈਆਂ ਜਾ ਰਹੀਆਂ ਪੋਸਟਾਂ ਨਾਲ ਅਮਨ-ਕਾਨੂੰਨ ਦੀ ਹਾਲਤ ਵਿਗੜਨ ਅਤੇ ਫਿਰਕੂ ਤਣਾਅ ਫੈਲਣ ਦੀ ਸੰਭਾਵਨਾ ਸੀ। ‘ਭਾਬੀ’ ਦੀ ਹੱਤਿਆ ਮਗਰੋਂ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖ ਰਹੀਆਂ ਜ਼ਿਲ੍ਹਾ ਪੁਲੀਸ ਇਕਾਈਆਂ ਵੱਲੋਂ ਦਿੱਤੀ ਰਿਪੋਰਟ ਮਗਰੋਂ ਇਹ ਕਾਰਵਾਈ ਹੋਈ ਹੈ। ਆਨਲਾਈਨ ਨਾਮ ‘ਕਮਲ ਕੌਰ ਭਾਬੀ’ ਵਜੋਂ ਮਸ਼ਹੂਰ ਕਮਲ ਦਾ 11 ਜੂਨ ਨੂੰ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਨੇੜੇ ਕਾਰ ਪਾਰਕਿੰਗ ’ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਤੋਂ ਭੇਤ ਖੁੱਲ੍ਹਿਆ ਕਿ ਉਸ ਨੂੰ ਇਕ ਪ੍ਰਚਾਰ ਸਬੰਧੀ ਪ੍ਰੋਗਰਾਮ ਦੇ ਬਹਾਨੇ ਲੁਧਿਆਣਾ ਤੋਂ ਲਿਆ ਕੇ ਕਥਿਤ ਤੌਰ ’ਤੇ ‘ਅਸ਼ਲੀਲ’ ਸਮੱਗਰੀ ਪੋਸਟ ਕਰਨ ਲਈ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਕਮਲ ਕੌਰ ਦੀ ਹੱਤਿਆ ਦੇ ਕੁਝ ਘੰਟਿਆਂ ਮਗਰੋਂ ਹੀ ਮੁੱਖ ਮੁਲਜ਼ਮ ਅਤੇ ਕੱਟੜਵਾਦੀ ਜਥੇਬੰਦੀ ‘ਕੌਮ ਦੇ ਰਾਖੇ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਭੱਜ ਗਿਆ ਸੀ। ਉਸ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਗਾ ਜ਼ਿਲ੍ਹੇ ਦਾ ਵਸਨੀਕ ਮਹਿਰੋਂ ਆਨਲਾਈਨ ਸਰਗਰਮ ਰਹਿੰਦਾ ਸੀ। ਇਸ ਤੋਂ ਪਹਿਲਾਂ 2021 ’ਚ ਗੀਤ ਦੇ ਅਸ਼ਲੀਲ ਬੋਲਾਂ ਲਈ ਸੰਗੀਤ ਪ੍ਰੋਡਿਊਸਰ ਨੂੰ ਧਮਕੀ ਦੇਣ ਅਤੇ 2020 ’ਚ ਹਰਿਮੰਦਰ ਸਾਹਿਬ ਨੇੜੇ ਪੰਜਾਬੀ ਲੋਕ ਨਾਚ ਕਲਾਕਾਰਾਂ ਦੇ ਬੁੱਤਾਂ ਦੀ ਭੰਨ-ਤੋੜ ਦੇ ਮਾਮਲੇ ’ਚ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਪੁਲੀਸ ਮੁਤਾਬਕ ਕਮਲ ਕੌਰ ਦੀ ਹੱਤਿਆ ਸਮੇਂ ਮਹਿਰੋਂ ਵੀ ਉਥੇ ਮੌਜੂਦ ਸੀ ਅਤੇ ਉਸ ਨੇ ਗਲਾ ਘੁੱਟਣ ਤੋਂ ਪਹਿਲਾਂ ਉਸ ਤੋਂ ਕਥਿਤ ਤੌਰ ’ਤੇ ਫੋਨ ਦਾ ਪਾਸਵਰਡ ਵੀ ਹਾਸਲ ਕੀਤਾ ਸੀ। ਹੱਤਿਆ ਦੇ ਕੁਝ ਘੰਟਿਆਂ ਮਗਰੋਂ ਉਹ 10 ਜੂਨ ਨੂੰ ਅੰਮ੍ਰਿਤਸਰ ਤੋਂ ਉਡਾਣ ਫੜ ਕੇ ਯੂਏਈ ਚਲਾ ਗਿਆ ਸੀ। ਉਸ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਪੁਲੀਸ ਉਸ ਦੀ ਹਵਾਲਗੀ ਦੀ ਅਪੀਲ ਦਾਖ਼ਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਹੱਤਿਆ ਮਗਰੋਂ ਪੰਜਾਬ ਦੇ ਆਨਲਾਈਨ ਇਨਫਲੂਐਂਸਰਾਂ ਵਿਚਕਾਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਗਰਮਖ਼ਿਆਲੀ ਅਨਸਰਾਂ ਤੋਂ ਇਨਫਲੂਐਂਸਰਾਂ ਦੀਪਿਕਾ ਲੂਥਰਾ, ਸਿਮਰਜੀਤ ਕੌਰ ਉਰਫ਼ ਪ੍ਰੀਤ ਜੱਟੀ ਅਤੇ ਚੰਦ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਧਮਕੀ ਮਿਲਣ ਮਗਰੋਂ ਲੂਥਰਾ ਨੇ ਆਪਣਾ ਇੰਸਟਾਗ੍ਰਾਮ ਖ਼ਾਤਾ ਹਟਾ ਦਿੱਤਾ ਅਤੇ ਉਸ ਨੂੰ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ‘ਜੱਟ ਬਾਬੇ ਬਾਂਦਰਾ ਤੋਂ’ ਦੇ ਨਾਮ ਤੋਂ ਮਸ਼ਹੂਰ ਚੰਦ ਸਿੰਘ ਨਾਲ ਹੁਣ ਸੁਰੱਖਿਆ ਕਰਮੀ ਹੁੰਦੇ ਹਨ ਅਤੇ ਉਸ ਨੇ ਪਹਿਲਾਂ ਪਾਈ ਸਮੱਗਰੀ ਲਈ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗ ਲਈ ਹੈ। ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਧਮਕੀਆਂ ਨੂੰ ਅੰਦਰੂਨੀ ਸੁਰੱਖਿਆ ਦਾ ਮਾਮਲਾ ਮੰਨਦਿਆਂ ਕਾਰਵਾਈ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖ਼ੁਫ਼ੀਆ ਰਿਪੋਰਟਾਂ ਅਤੇ ਰਸਮੀ ਸ਼ਿਕਾਇਤਾਂ ਮਿਲਣ ਮਗਰੋਂ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

Advertisement
×