ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਜੂਨ
ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਨੂੰ ਆਪਣਾ ਕੈਂਪਸ ਜੁਲਾਈ ਵਿੱਚ ਮਿਲ ਜਾਵੇਗਾ, ਕਿਉਂਕਿ ਯੂਨੀਵਰਸਿਟੀ ਦਾ ਕੈਂਪਸ ਬਣ ਕੇ ਏਨਾ ਕੁ ਤਿਆਰ ਹੋ ਗਿਆ ਹੈ ਕਿ ਉੱਥੇ ਕਲਾਸਾਂ ਲਾਈਆਂ ਜਾ ਸਕਣ। ਇਸ ਯੂਨੀਵਰਸਿਟੀ ਦਾ ਕੈਂਪਸ ਭਾਦਸੋਂ ਰੋਡ ਉੱਤੇ ਸਿੱਧੂਵਾਲ ਦੀ 98 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਸਪੋਰਟਸ ਯੂਨੀਵਰਸਿਟੀ ਦਾ ਕੈਂਪਸ ਪਟਿਆਲਾ ਦੇ ਫੁਆਰਾ ਚੌਕ ਕੋਲ ਵਿਰਾਸਤੀ ਮਹਿੰਦਰਾ ਕੋਠੀ ਦੇ ਇੱਕ ਹਿੱਸੇ ਵਿੱਚ ਚੱਲ ਰਿਹਾ ਸੀ, ਜਦਕਿ ਕਾਂਗਰਸ ਸਰਕਾਰ ਦੀ ਕੈਪਟਨ ਕੈਬਨਿਟ ਵੇਲੇ ਇਹ ਕੈਂਪਸ ਭਾਦਸੋਂ ਰੋਡ ’ਤੇ ਬਣਾਉਣ ਲਈ 98 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ, ਜਿਸ ਲਈ 550 ਕਰੋੜ ਦਾ ਬਜਟ ਵੀ ਨਿਰਧਾਰਿਤ ਕੀਤਾ ਗਿਆ ਸੀ। ਇਸ ਵੇਲੇ ਕੈਂਪਸ ਦੀਆਂ ਸੜਕਾਂ ਬਣ ਰਹੀਆਂ ਹਨ, ਇਸ ਦਾ ਅਕਾਦਮਿਕ ਬਲਾਕ, ਜਨਰਲ ਬਲਾਕ, ਵੀਸੀ ਬਲਾਕ ਬਣ ਚੁੱਕਿਆ ਹੈ। ਦੂਜੇ ਪਾਸੇ ਖੇਡਾਂ ਲਈ ਕਈ ਸਾਰੇ ਗਰਾਊਂਡ ਵੀ ਬਣਾਏ ਜਾ ਚੁੱਕੇ ਹਨ। ਪਰ ਅਜੇ ਵੀ ਕੈਂਪਸ ਵਿੱਚ ਖੇਡਾਂ ਦੇ ਮੈਦਾਨ ਬਣਨੇ ਬਾਕੀ ਹਨ। ਕੈਂਪਸ ਵਿੱਚ ਜਨਰਲ ਬਲਾਕ ਦੀ ਇਮਾਰਤ ਬਣ ਕੇ ਤਿਆਰ ਬਣ ਗਈ ਹੈ ਜਿਸ ਕਰਕੇ ਅਥਾਰਿਟੀ ਨੇ ਫ਼ੈਸਲਾ ਕੀਤਾ ਹੈ ਕਿ ਅਗਲਾ ਅਕਾਦਮਿਕ ਸੈਸ਼ਨ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿੱਚ ਹੀ ਸ਼ੁਰੂ ਕੀਤਾ ਜਾਵੇ।
ਅਗਲਾ ਸੈਸ਼ਨ ਯੂਨੀਵਰਸਿਟੀ ਕੈਂਪਸ ਵਿੱਚ ਹੋਵੇਗਾ ਸ਼ੁਰੂ: ਰਜਿਸਟਰਾਰ
ਰਜਿਸਟਰਾਰ ਤੇ ਡੀਨ ਅਕਾਦਮਿਕ ਅਨੁਭਵ ਵਾਲੀਆ ਨੇ ਕਿਹਾ ਕਿ ਹੁਣ ਅਗਲਾ ਸੈਸ਼ਨ ਯੂਨੀਵਰਸਿਟੀ ਦੇ ਅਸਲੀ ਕੈਂਪਸ ਵਿੱਚ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀਆਂ ਤਿਆਰੀਆਂ ਹੋ ਗਈਆਂ ਹਨ, ਜਿਸ ਕਰਕੇ ਉਹ ਹੁਣ ਮਹਿੰਦਰਾ ਕੋਠੀ ਨੂੰ ਛੱਡ ਦੇਣਗੇ।