ਬਿਜਲੀ ਮੰਤਰੀ ਵੱਲੋਂ ਪਾਵਰਕੌਮ ਦਫ਼ਤਰਾਂ ਦੀ ਚੈਕਿੰਗ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੂਨ
ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਾਵਰਕੌਮ ਦੇ ਕਈ ਮੁੱਖ ਦਫ਼ਤਰਾਂ ਦਾ ਨਿਰੀਖਣ ਕੀਤਾ। ਇਨ੍ਹਾਂ ਦਫ਼ਤਰਾਂ ਵਿੱਚ ਹਾਈਡਲ, ਦੱਖਣੀ ਪਟਿਆਲਾ, ਤਕਨੀਕੀ ਆਡਿਟ, ਐਨਫੋਰਸਮੈਂਟ, ਸਿਵਲ ਡਿਜ਼ਾਈਨ, ਟਰਾਂਸਮਿਸ਼ਨ ਸਿਸਟਮ, ਥਰਮਲ ਡਿਜ਼ਾਈਨ ਤੇ ਪਾਵਰ ਪ੍ਰਚੇਜ਼ ਐਂਡ ਰੈਗੂਲੇਸ਼ਨ ਆਦਿ ਸ਼ਾਮਲ ਹਨ। ਜਾਣਕਾਰੀ ਅਨੁਸਾਰ ਬਿਜਲੀ ਮੰਤਰੀ ਵੱਲੋਂ ਇਹ ਦੌਰੇ ਦਫ਼ਤਰਾਂ ਦੇ ਕੰਮਕਾਜ, ਸਟਾਫ਼ ਦੀ ਹਾਜ਼ਰੀ, ਸ਼ਿਕਾਇਤ ਨਿਵਾਰਨ ਪ੍ਰਣਾਲੀ ਅਤੇ ਸੇਵਾ ਪ੍ਰਬੰਧਾਂ ਦੀ ਸਮੀਖਿਆ ਦੇ ਉਦੇਸ਼ ਨਾਲ ਕੀਤੇ ਗਏ ਹਨ। ਇਸ ਦੌਰਾਨ ਹਰਭਜਨ ਸਿੰਘ ਈਟੀਓ ਨੇ ਵੱਖ-ਵੱਖ ਦਫ਼ਤਰਾਂ ਦੇ ਰਿਕਾਰਡਾਂ ਦੀ ਜਾਂਚ ਕੀਤੀ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਤੋਂ ਸਰਗਰਮੀ ਨਾਲ ਸਵਾਲ-ਜਵਾਬ ਕੀਤੇ। ਮੰਤਰੀ ਨੇ ਨਵੇਂ ਬਿਜਲੀ ਮੀਟਰ ਕੁਨੈਕਸ਼ਨਾਂ ਲਈ ਪ੍ਰਾਪਤ ਕੁੱਲ ਅਰਜ਼ੀਆਂ ਬਾਰੇ ਜਾਣਕਾਰੀ ਵੀ ਮੰਗੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਡਾਟਾ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਕਿ ਕਿੰਨੇ ਮੀਟਰ ਮਨਜ਼ੂਰ ਕੀਤੇ ਗਏ ਹਨ ਅਤੇ ਕਿੰਨੀਆਂ ਅਰਜ਼ੀਆਂ ਅਜੇ ਵੀ ਬਕਾਇਆ ਹਨ। ਇਸ ਮੌਕੇ ਮੰਤਰੀ ਨੇ ਮੀਟਰ ਅਰਜ਼ੀਆਂ ਦਾ ਤੇਜ਼ੀ ਨਾਲ ਨਿਬੇੜਾ ਕਰਨ ’ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਨੇ ਦਫ਼ਤਰਾਂ ਵਿੱਚ ਹਾਜ਼ਰੀ ਰਿਕਾਰਡ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਦੇਖਿਆ ਕਿ ਝੋਨੇ ਦੇ ਸਿਖਰਲੇ ਸੀਜ਼ਨ ਦੌਰਾਨ ਕਿੰਨੇ ਅਧਿਕਾਰੀ ਛੁੱਟੀ ’ਤੇ ਹਨ ਅਤੇ ਅਜਿਹੀਆਂ ਗ਼ੈਰਹਾਜ਼ਰੀਆਂ ਦੇ ਕਾਰਨਾਂ ਅਤੇ ਮਨਜ਼ੂਰੀ ਅਧਿਕਾਰੀਆਂ ਬਾਰੇ ਪੁੱਛ-ਪੜਤਾਲ ਕੀਤੀ। ਈਟੀਓ ਨੇ ਕਿਹਾ ਕਿ ਅਧਿਕਾਰੀ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਤੇਜ਼ੀ ਲਿਆਉਣ ਕਿਉਂਕਿ ਜਨਤਕ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਦੇਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਅਧਿਕਾਰੀ ਤੋਂ ਉਮੀਦ ਕਰਦੀ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵੇ।