ਪਟਿਆਲਾ ਦੀ ਵਿਰਾਸਤੀ ਸੈਰ ਦਾ ਪੋਸਟਰ ਜਾਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਫਰਵਰੀ
ਪਟਿਆਲਾ ਹੈਰੀਟੇਜ ਫੈਸਟੀਵਲ-2025 ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਫਾਊਂਡੇਸ਼ਨ ਵੱਲੋਂ 14 ਫਰਵਰੀ ਨੂੰ ਸਵੇਰੇ 8.30 ਵਜੇ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਣ ਵਾਲੀ ਹੈਰੀਟੇਜ ਵਾਕ (ਵਿਰਾਸਤੀ ਸੈਰ) ਦਾ ਪੋਸਟਰ ਅੱਜ ਏਡੀਸੀ (ਜ) ਈਸ਼ਾ ਸਿੰਗਲ ਨੇ ਜਾਰੀ ਕੀਤਾ। ਇਸ ਵਾਕ ਦੇ ਨੋਡਲ ਅਫ਼ਸਰ ਆਰਟੀਓ ਨਮਨ ਮਾਰਕੰਨ, ਪਟਿਆਲਾ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਰਵੀ ਆਹਲੂਵਾਲੀਆ ਤੇ ਡਾ. ਨਵਜੋਤ ਸ਼ਰਮਾ ਵੀ ਮੌਜੂਦ ਸਨ।
ਏਡੀਸੀ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਇਹ ਵਿਰਾਸਤੀ ਸੈਰ ਸਾਡੀ ਨੌਜਵਾਨ ਪੀੜ੍ਹੀ ਤੇ ਆਮ ਨਾਗਰਿਕਾਂ ਨੂੰ ਸ਼ਹਿਰ ਦੇ ਵਿਰਾਸਤੀ ਸਥਾਨਾਂ ਦੀ ਸੈਰ ਕਰਵਾਏਗੀ। ਪਟਿਆਲਾ ਸ਼ਹਿਰ ਦੀ ਢਾਈ ਸਦੀਆਂ ਪੁਰਾਣੀ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹੈਰੀਟੇਜ ਫੈਸਟੀਵਲ ਅਹਿਮ ਸਾਬਤ ਹੋ ਰਿਹਾ ਹੈ, ਇਸੇ ਤਹਿਤ ਹੀ ਵਿਰਾਸਤੀ ਸੈਰ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਉਲੀਕੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ 14 ਫਰਵਰੀ ਨੂੰ ਪਟਿਆਲਾ ਫਾਊਂਡੇਸ਼ਨ ਦੇ ਪ੍ਰਾਜੈਕਟ ‘ਆਈ ਹੈਰੀਟੇਜ’ ਤਹਿਤ ਕਰਵਾਈ ਜਾਣ ਵਾਲੀ ਵਿਰਾਸਤੀ ਸੈਰ ਪਟਿਆਲਾ ਦੀਆਂ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਸ਼ਹਿਰ ਦੇ ਅੰਦਰ-ਅੰਦਰ ਬਣੇ ਹੋਏ ਵਿਰਾਸਤੀ ਰਸਤੇ ਤੋਂ ਹੁੰਦੇ ਹੋਏ ਪੁਰਾਣੇ ਸ਼ਹਿਰ ਦੀ ਸੈਰ ਕਰੇਗੀ।