ਸਿੱਖਿਆ ਕ੍ਰਾਂਤੀ ਨੇ ਮਾਪਿਆਂ ’ਚ ਸਰਕਾਰੀ ਸਕੂਲਾਂ ਦਾ ਰੁਝਾਨ ਪੈਦਾ ਕੀਤਾ: ਵਿਧਾਇਕਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 15 ਮਈ
ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਬਲਾਕ ਰਾਜਪੁਰਾ- 2 ਦੇ ਪੰਜ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਹ ਕਾਰਜ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਹਿੱਸਾ ਹਨ, ਜਿਨ੍ਹਾਂ ਰਾਹੀਂ ਸਕੂਲਾਂ ਵਿੱਚ ਸਿੱਖਿਆ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ, ਹਦਾਇਤਪੁਰਾ, ਉੱਚਾ ਖੇੜਾ, ਲੇਹਲਾਂ ਅਤੇ ਖੇੜਾ ਗੱਜੂ ਵਿੱਚ ਕੁੱਲ 38 ਲੱਖ 39 ਹਜ਼ਾਰ ਰੁਪਏ ਨਾਲ ਚਾਰਦੀਵਾਰੀਆਂ ਦੀ ਮੁਰੰਮਤ, ਨਵੀਂ ਚਾਰਦੀਵਾਰੀ, ਨਵੇਂ ਸਮਾਰਟ ਕਲਾਸ-ਰੂਮਾਂ, ਸਮਾਰਟ ਐੱਲਈਡੀ ਪੈਨਲ ਦੀ ਉਪਲਬਧ ਕਰਨ ਵਰਗੇ ਕਾਰਜ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ ਵਿੱਚ 10 ਲੱਖ 75 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਸਮਾਰਟ ਕਲਾਸ-ਰੂਮ ਬਣਾਇਆ ਗਿਆ ਹੈ। ਹਦਾਇਤਪੁਰਾ ਸਕੂਲ ਵਿੱਚ ਵੀ 10 ਲੱਖ 51 ਹਜ਼ਾਰ ਰੁਪਏ ਨਾਲ ਨਵਾਂ ਸਮਾਰਟ ਕਲਾਸਰੂਮ ਬਣਾਇਆ ਗਿਆ ਅਤੇ ਚਾਰਦੀਵਾਰੀ ਦੀ ਰਿਪੇਅਰ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਉੱਚਾ ਖੇੜਾ ਸਕੂਲ ਵਿੱਚ 2 ਲੱਖ 22 ਹਜ਼ਾਰ ਰੁਪਏ ਨਾਲ ਚਾਰਦੀਵਾਰੀ ਦੀ ਮੁਰੰਮਤ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਲੇਹਲਾਂ ਸਕੂਲ ਵਿੱਚ ਚਾਰਦੀਵਾਰੀ ਦੀ ਨਵੀਂ ਉਸਾਰੀ ਲਈ 7 ਲੱਖ 40 ਹਜ਼ਾਰ ਰੁਪਏ ਦੀ ਰਕਮ ਵਰਤੀ ਗਈ ਜਦਕਿ ਖੇੜਾ ਗੱਜੂ ਸਕੂਲ ਵਿੱਚ ਵੀ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਸਮਾਰਟ ਕਲਾਸਰੂਮ ਬਣਾਇਆ ਗਿਆ।
ਸਮਾਗਮ ਦੌਰਾਨ ਹਲਕਾ ਰਾਜਪੁਰਾ ਸਿੱਖਿਆ ਕੋ-ਆਰਡੀਨੇਟਰ ਅਤੇ ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੇ ਮੈਨਰੋ, ਰਾਜਿੰਦਰ ਸਿੰਘ ਚਾਨੀ, ਬੀਪੀਈਓ ਰਾਜਪੁਰਾ ਮਨਜੀਤ ਕੌਰ ਸਚਿਨ ਮਿੱਤਲ, ਜਗਦੀਪ ਸਿੰਘ ਅਲੂਣਾ, ਅਮਨ ਸੈਣੀ, ਸਮੇਤ ਪਾਰਟੀ ਦੇ ਅਹੁਦੇਦਾਰ, ਸੈਂਟਰ ਹੈੱਡ ਟੀਚਰ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ, ਬੱਚਿਆਂ ਦੇ ਮਾਪੇ, ਪਿੰਡਾਂ ਦੇ ਪਤਵੰਤੇ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ।