ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 23 ਜੂਨ
ਹਲਕਾ ਸਨੌਰ ਦੇ ਪਿੰਡ ਨੌਗਾਵਾਂ ਵਿੱਚ ਸੱਤ ਪਿੰਡਾਂ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਰੱਖੀ ਗਈ ਸੀ, ਜਿਸ ਵਿੱਚ ਸਾਰੇ ਪਿੰਡਾਂ ਦੇ ਮੋਹਤਬਰ ਅਤੇ ਮੈਂਬਰ ਪਹੁੰਚੇ ਹੋਏ ਸਨ ਪਰ ਇਸ ਚੋਣ ਨੂੰ ਨੇਪਰੇ ਚਾੜ੍ਹਨ ਲਈ ਮੌਕੇ ’ਤੇ ਕੋਈ ਵੀ ਅਧਿਕਾਰੀ ਨਾ ਪੁੱਜਣ ਕਾਰਨ ਚੋਣ ਨਹੀਂ ਹੋ ਸਕੀ। ਇਸ ਮੌਕੇ ਸਭਾ ਦੇ ਮੈਂਬਰਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਵਫ਼ਦ ਅਮਰਜੀਤ ਸਿੰਘ ਨੌਗਾਵਾਂ ਮੀਤ ਪ੍ਰਧਾਨ ਬਲਾਕ ਸਨੌਰ ਦੀ ਅਗਵਾਈ ਵਿੱਚ ਰਜਿਸਟਰਾਰ ਸਹਿਕਾਰੀ ਸਭਾਵਾਂ ਅਮਨਦੀਪ ਸ਼ਰਮਾ ਨੂੰ ਮਿਲਿਆ ਅਤੇ ਚੋਣ ਕਰਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਨੌਗਾਵਾਂ ਦੀ ਜੋ ਚੋਣ ਅੱਜ ਰੱਦ ਹੋਈ ਹੈ, ਉਸ ਨੂੰ ਪਾਰਦਰਸ਼ੀ ਢੰਗ ਨਾਲ ਜਲਦੀ ਕਰਵਾਇਆ ਜਾਵੇ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਰਜਿਸਟਰਾਰ ਨੂੰ ਕਿਹਾ ਕਿ ਜੇਕਰ ਪਿੰਡ ਨੌਗਾਵਾਂ ਦੀ ਸਹਿਕਾਰੀ ਸਭਾ ਦੀ ਚੋਣ ਵਿੱਚ ਕੋਈ ਹੇਰਾਫੇਰੀ ਨਜ਼ਰ ਆਈ ਤਾਂ ਕਿਸਾਨ ਯੂਨੀਅਨ ਏਕਤਾ ਡਕੌਂਦਾ ਉਨ੍ਹਾਂ ਦੇ ਦਫ਼ਤਰ ਦਾ ਘਿਰਾਓ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਬਲਜਿੰਦਰ ਸਿੰਘ ਅਲੀਪੁਰ ਜੱਟਾਂ ਇਕਾਈ ਪ੍ਰਧਾਨ, ਜਗਤਾਰ ਸਿੰਘ ਨੌਗਾਵਾਂ ਇਕਾਈ ਪ੍ਰਧਾਨ, ਅਮਰਜੀਤ ਸਿੰਘ ਨੌਗਵਾਂ ਮੀਤ ਪ੍ਰਧਾਨ ਬਲਾਕ ਸਨੌਰ, ਸਪਿੰਦਰ ਸਿੰਘ ਸਾਬਕਾ ਸਰਪੰਚ ਅਲੀਪੁਰ ਜੱਟਾਂ, ਕਿਰਪਾਲ ਸਿੰਘ, ਗੁਰਪਾਲ ਸਿੰਘ, ਨਰੰਜਨ ਸਿੰਘ ਫੌਜੀ, ਹਾਕਮ ਸਿੰਘ, ਕੁਲਦੀਪ ਸਿੰਘ ਸਾਰੇ ਵਾਸੀ ਅਲੀਪੁਰ ਜੱਟਾਂ, ਗੁਰਦੇਵ ਸਿੰਘ, ਕੇਹਰ ਸਿੰਘ, ਦਿਲਬਾਗ ਸਿੰਘ, ਨਿਰਵੈਲ ਸਿੰਘ, ਜਸਵਿੰਦਰ ਸਿੰਘ, ਸ਼ੰਟੂ ਰਾਮ, ਰਘਬੀਰ ਸਿੰਘ, ਮਹਿੰਦਰ ਸਿੰਘ ਨੰਬਰਦਾਰ ਸਾਰੇ ਵਾਸੀ ਪਿੰਡ ਨੌਗਾਵਾਂ, ਕੁਲਵੰਤ ਸਿੰਘ, ਵਾਸਦੇਵ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ ਨੰਬਰਦਾਰ ਕਰਤਾਰਪੁਰ, ਸੋਹਣ ਲਾਲ ਸਾਬਕਾ ਸਰਪੰਚ ਸੱਸੀ ਸਮੇਤ ਬਹੁਤ ਸਾਰੇ ਕਿਸਾਨ ਹਾਜ਼ਰ ਸਨ।
ਅਧਿਕਾਰੀਆਂ ਦੇ ਨਾ ਪੁੱਜਣ ਕਾਰਨ ਚੋਣ ਨਹੀਂ ਹੋਈ: ਸਕੱਤਰ
ਸਹਿਕਾਰੀ ਸਭਾ ਨੌਗਾਵਾਂ ਦੇ ਵਾਧੂ ਚਾਰਜ ’ਤੇ ਕੰਮ ਕਰ ਰਹੇ ਸਕੱਤਰ ਰਾਜ ਕੁਮਾਰ ਤੋਂ ਅੱਜ ਚੋਣ ’ਚ ਉੱਚ ਅਧਿਕਾਰੀਆਂ ਦੇ ਨਾ ਪਹੁੰਚਣ ਸਬੰਧੀ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕੁਝ ਹੋਰ ਅਧਿਕਾਰੀਆਂ ਨੇ ਇਸ ਚੋਣ ਵਿੱਚ ਆਉਣਾ ਸੀ ਜੋ ਰੁਝੇਵਿਆਂ ਕਾਰਨ ਨਹੀਂ ਆ ਸਕੇ ਜਿਸ ਕਾਰਨ ਇਹ ਚੋਣ ਨਹੀਂ ਹੋ ਸਕੀ।