ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਈ
ਇੱਥੇ ਖ਼ੁਦ ਨੂੰ ਪੁਲੀਸ ਮੁਲਾਜ਼ਮ ਦੱਸ ਕੇ ਚਾਰ ਨੌਜਵਾਨਾਂ ਨੇ 20 ਹਜ਼ਾਰ ਰੁਪਏ ਠੱਗੇ ਹਨ। ਮੁਲਜ਼ਮਾਂ ਨੇ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਤਹਿਤ ਇੱਕ ਨੌਜਵਾਨ ਨੂੰ ਚੁੱਕ ਲਿਆ ਅਤੇ ਫਿਰ 20 ਹਜ਼ਾਰ ਲੈ ਕੇ ਛੱਡ ਦਿੱਤਾ। ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਇਨ੍ਹਾਂ ਨਕਲੀ ਪੁਲੀਸ ਮੁਲਾਜ਼ਮਾਂ ਨੂੰ ਕਾਬੂ ਕਰਨ ਲਈ ਬਣਾਈਆਂ ਗਈਆਂ ਪੁਲੀਸ ਟੀਮਾਂ ਅਨੁਸਾਰ ਥਾਣਾ ਲਾਹੌਰੀ ਗੇਟ ਦੇ ਮੁਖੀ ਦੀ ਅਗਵਾਈ ਹੇਠਲੀ ਟੀਮ ਨੇ ਇਨ੍ਹਾਂ ’ਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਤੇ ਚੌਥੇ ਦੀ ਭਾਲ ਜਾਰੀ ਹੈ।
ਇਸ ਸਬੰਧੀ ਸਥਾਨਕ ਬਿਸ਼ਨ ਨਗਰ ਦੀ ਵਸਨੀਕ ਬਲਜੀਤ ਕੌਰ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਦੋਸਤ ਨੂੰ ਮਿਲਣ ਘਰੋਂ ਗਿਆ ਸੀ ਤੇ ਫੇਰ ਅੱਧੇ ਘੰਟੇ ਮਗਰੋਂ ਉਸ ਦੇ ਮੋਬਾਈਲ ਤੋਂ ਕਾਲ ਆਈ ਤੇ ਗੱਲ ਕਰਨ ਵਾਲੇ ਨੇ ਸੀਆਈਏ ਸਟਾਫ਼ ਪਟਿਆਲਾ ਦਾ ਪੁਲੀਸ ਮੁਲਾਜ਼ਮ ਦੱਸਦਿਆਂ ਗੁਰਪ੍ਰੀਤ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸ਼ੱਕ ਵਿੱਚ ਫੜਿਆ ਹੋਣ ਦੀ ਗੱਲ ਆਖੀ। ਉਸ ਨੂੰ ਛੱਡਣ ਬਦਲੇ 20 ਹਜ਼ਾਰ ਦੀ ਮੰਗ ਕੀਤੀ। ਪੁਲੀਸ ਵਾਲੇ ਉਸ ’ਤੇ ਝੂਠਾ ਕੇਸ ਨਾ ਦਰਜ ਕਰਨ ਇਸ ਕਰਕੇ ਉਹ ਪੈਸੇ ਦੇਣ ਲਈ ਰਾਜ਼ੀ ਹੋ ਗਈ ਅਤੇ ਕਾਲ ਕਰਨ ਵਾਲੇ ਦੇ ਨੇ ਇਕ ਹੋਟਲ ਵਿਚ ਪਹੁੰਚਣ ਲਈ ਅਖਿਆ, ਜਿੱਥੇ ਆਏ ਦੋ ਲੜਿਆਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ਼ ਦੇ ਮੁਲਾਜ਼ਮ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਬੌਸ ਨੇ ਪੈਸੇ ਲੈਣ ਲਈ ਭੇਜਿਆ ਹੈ। ਇਸ ਮਗਰੋਂ ਉਸ ਨੇ 20 ਹਜ਼ਾਰ ਦੇ ਦਿੱਤੇ। ਥਾਣਾ ਲਾਹੌਰੀ ਗੇਟ ਦੇ ਮੁਖੀ ਦਾ ਕਹਿਣਾ ਸੀ ਕਿ ਇਸ ਸਬੰਧੀ ਕੇਸ ਦਰਜ ਕਰਕੇ ਸੰਦੀਪ, ਸੁਭਾਸ਼ ਤੇ ਲਕਸ਼ੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਚੌਥੇ ਬਿੱਟੂ ਦੀ ਭਾਲ ਜਾਰੀ ਹੈ।