ਉੱਤਰ ਪ੍ਰਦੇਸ਼: ਲੜਕੀ ਨੇ ਪੈਟਰੋਲ ਪੰਪ ਕਰਮਚਾਰੀ ’ਤੇ ਰਿਵਾਲਵਰ ਤਾਣੀ
ਹਰਦੋਈ (ਉੱਤਰ ਪ੍ਰਦੇਸ਼), 16 ਜੂਨ
ਹਰਦੋਈ ਜ਼ਿਲ੍ਹੇ ਵਿੱਚ ਲੜਕੀ ਨੇ ਝਗੜੇ ਤੋਂ ਬਾਅਦ ਪੈਟਰੋਲ ਪੰਪ ਕਰਮਚਾਰੀ ’ਤੇ ਲਾਇਸੈਂਸੀ ਰਿਵਾਲਵਰ ਤਾਣ ਦਿੱਤੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਬਿਲਗ੍ਰਾਮ ਸ਼ਹਿਰ ਦੇ ਸੈਂਡੀ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਵਾਪਰੀ। ਜਦੋਂ ਪੈਟਰੋਲ ਪੰਪ ਦੇ ਕਰਮਚਾਰੀ ਰਜਨੀਸ਼ ਕੁਮਾਰ ਨੇ ਉਥੇ ਕਾਰ ਵਿੱਚ ਸੀਐੱਨਜੀ ਭਰਵਾਉਣ ਆਏ ਪਰਿਵਾਰ ਨੂੰ ਇਹਤਿਆਤ ਵਜੋਂ ਗੱਡੀ ’ਚੋਂ ਉਤਰਨ ਲਈ ਕਿਹਾ ਤਾਂ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਗੱਡੀ ’ਚੋਂ ਨਿਕਲੇ ਜੋੜੇ ਤੇ ਇਨ੍ਹਾਂ ਦੀ ਧੀ ਨੇ ਰਜਨੀਸ਼ ’ਤੇ ਹਮਲਾ ਕੀਤਾ। ਮਗਰੋਂ ਲੜਕੀ ਕਾਰ ’ਚੋਂ ਲਾਇਸੈਂਸੀ ਰਿਵਾਲਵਰ ਕੱਢ ਲਿਆਈ ਅਤੇ ਰਜਨੀਸ਼ ’ਤੇ ਤਾਣ ਦਿੱਤੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਜਨੀਸ਼ ਨੇ ਕਿਹਾ ਕਿ ਉਸ ਨੇ ਕਾਰ ਵਿੱਚ ਸਵਾਰ ਲੋਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਨਿਕਲਣ ਲਈ ਕਿਹਾ ਸੀ। ਉਸ ਨੇ ਕਿਹਾ ਕਿ ਰਿਵਾਲਵਰ ਲਿਆਉਣ ਵਾਲੀ ਲੜਕੀ ਸੁਰੀਸ਼ ਖਾਨ ਉਰਫ ਅਰੀਬਾ ਸੀ। ਉਸ ਨੇ ਅਰੀਬਾ ਦੇ ਪਿਤਾ ਅਹਿਸਾਨ ਖਾਨ ਤੇ ਮਾਤਾ ਹੁਸਨਾਬਾਨੋ ’ਤੇ ਵੀ ਹਮਲਾ ਕਰਨ ਦਾ ਦੋਸ਼ ਲਾਇਆ। ਪੁਲੀਸ ਨੇ ਰਿਵਾਲਵਰ ਜ਼ਬਤ ਕਰ ਲਈ ਹੈ ਅਤੇ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ