ਅਮਰੀਕੀ ਐਡਵਾਈਜ਼ਰੀ ਭਾਰਤ ਨੂੰ ‘ਬਦਨਾਮ’ ਕਰਨ ਵਾਲੀ: ਕਾਂਗਰਸ
ਨਵੀਂ ਦਿੱਲੀ, 24 ਜੂਨ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ ਦੇਸ਼ ਨੂੰ ‘ਬਦਨਾਮ’ ਕਰਨ ਵਾਲੀ ਹੈ। ਵਿਰੋਧੀ ਧਿਰ ਨੇ ਮੰਗ ਕੀਤੀ ਕਿ ਸਰਕਾਰ ਇਸ ਸਬੰਧੀ ਅਮਰੀਕਾ ਕੋਲ ਆਪਣਾ ਵਿਰੋਧ ਦਰਜ ਕਰਵਾਏ ਅਤੇ ਨਾਲ ਹੀ ਉੱਚ ਪੱਧਰ ’ਤੇ ਇਸ ਬਾਰੇ ਸਖ਼ਤ ਰੁਖ਼ ਅਪਣਾਵੇ। ਕਾਂਗਰਸ ਨੇ ਇਹ ਵੀ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ‘ਫੇਲ੍ਹ’ ਹੋ ਗਈ ਹੈ। ਅਮਰੀਕਾ ਵੱਲੋਂ ਪਿਛਲੇ ਹਫ਼ਤੇ ਜਾਰੀ ‘ਲੈਵਲ 2’ ਐਡਵਾਈਜ਼ਰੀ ਵਿੱਚ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਹੈ, ‘‘ਜਬਰ-ਜਨਾਹ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵਧਦੇ ਅਪਰਾਧਾਂ ਵਿੱਚੋਂ ਇੱਕ ਹੈ।’’
ਕਾਂਗਰਸ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਐਡਵਾਈਜ਼ਰੀ ਭਾਰਤ ਲਈ ਜਾਰੀ ਕੀਤੀ ਗਈ ਹੈ ਨਾ ਕਿ ਪਾਕਿਸਤਾਨ ਲਈ, ਜੋ ਅਤਿਵਾਦੀ ਦੇਸ਼ ਹੈ। ਉਧਰ, ਭਾਜਪਾ ਨੇ ਇਹ ਦੋਸ਼ ਲਾਉਣ ਲਈ ਕਾਂਗਰਸ ’ਤੇ ਨਿਸ਼ਾਨਾ ਸੇਧਿਆ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਸਾਵਧਾਨ ਕੀਤਾ ਹੈ, ਪਰ ਪਾਕਿਸਤਾਨ ਦੇਸ਼ ਦੀ ਯਾਤਰਾ ਕਰਨ ਲਈ ਨਹੀਂ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਪਾਕਿਸਤਾਨ ਦੀ ਸਥਿਤੀ ਭਾਰਤ ਨਾਲੋਂ ਵੀ ਖ਼ਰਾਬ ਹੈ। ਅਮਰੀਕਾ ਦੀ ਤਾਜ਼ਾ ਐਡਵਾਈਜ਼ਰੀ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ‘ਲੈਵਲ 3’ ਵਿੱਚ ਰੱਖਿਆ ਗਿਆ ਹੈ। -ਪੀਟੀਆਈ