ਯੂਕੇ-ਭਾਰਤ ਮੁਕਤ ਵਪਾਰ ਸਮਝੌਤੇ ਨਾਲ ਆਰਥਿਕ ਭਾਈਵਾਲੀ ਹੋਵੇਗੀ ਮਜ਼ਬੂਤ: ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੂਨ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੇਟ ਨੇ ਸੋਮਵਾਰ ਨੂੰ ਕੁੱਲੂ ਸਥਿਤ ਭੁੱਟੀਕੋ ਹੈਂਡਲੂਮ ਕੋਆਪਰੇਟਿਵ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰਵਾਇਤੀ ਹਿਮਾਚਲੀ ਹੈਂਡਲੂਮ ਉਤਪਾਦਾਂ ਅਤੇ ਕਾਰੀਗਰਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਰੋਵੇਟ ਨੇ ਕਿਹਾ ਕਿ ਯੂਕੇ-ਭਾਰਤ ਮੁਕਤ ਵਪਾਰ ਸਮਝੌਤੇ (ਐਫਟੀਏ) ਲਈ ਗੱਲਬਾਤ ਪੂਰੀ ਹੋ ਗਈ ਹੈ ਅਤੇ ਹੁਣ ਕਰਾਰ ਸਹੀਬੰਦ ਕਰਨ ਤੇ ਇਸ ਨੂੰ ਅਮਲੀ ਰੂਪ ਦੇਣ ਲਈ ਅੰਤਿਮ ਪ੍ਰਕਿਰਿਆਵਾਂ ਚੱਲ ਰਹੀਆਂ ਹਨ।
ਰੋਵੇਟ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਪਾਰ, ਰੁਜ਼ਗਾਰ ਅਤੇ ਨਿਵੇਸ਼ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਇਸ ਨਾਲ ਯੂਕੇ ਦੀ ਜੀਡੀਪੀ ਵਿੱਚ 4.8 ਬਿਲੀਅਨ ਪੌਂਡ ਅਤੇ ਤਨਖਾਹਾਂ ਵਿੱਚ 2.2 ਬਿਲੀਅਨ ਪੌਂਡ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਯੂਕੇ ਅਤੇ ਭਾਰਤ ਵਿਚਕਾਰ ਨਿਵੇਸ਼ 6 ਲੱਖ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਮਰੱਥ ਹੈ। ਯੂਕੇ ਵਿੱਚ 950 ਤੋਂ ਵੱਧ ਭਾਰਤੀ ਕੰਪਨੀਆਂ ਅਤੇ ਭਾਰਤ ਵਿੱਚ 650 ਤੋਂ ਵੱਧ ਯੂਕੇ ਕੰਪਨੀਆਂ ਕੰਮ ਕਰ ਰਹੀਆਂ ਹਨ। ਆਪਣੀ ਕੁੱਲੂ-ਮਨਾਲੀ ਫੇਰੀ ਦੌਰਾਨ ਰੋਵੇਟ ਨੇ ਸੈਰ-ਸਪਾਟਾ ਅਤੇ ਉਦਯੋਗ ਖੇਤਰਾਂ ਦੇ ਹਿੱਸੇਦਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਰੋਵੇਟ ਨੇ ਫਰਵਰੀ ਵਿੱਚ ਮੁੱਖ ਮੰਤਰੀ ਸੁੱਖੂ ਨਾਲ ਨਿਵੇਸ਼ ਪ੍ਰੋਜੈਕਟਾਂ ’ਤੇ ਵੀ ਚਰਚਾ ਕੀਤੀ ਸੀ।