ਰਾਹੁਲ ਨੇ ਮਹਾਰਾਸ਼ਟਰ ਚੋਣਾਂ ’ਚ ‘ਵੋਟ ਚੋਰੀ’ ਦੇ ਦੋਸ਼ ਦੁਹਰਾਏ
ਨਵੀਂ ਦਿੱਲੀ, 24 ਜੂਨ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਿਛਲੇ ਸਾਲ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਕਥਿਤ ਬੇਨਿਯਮੀਆਂ ਦਾ ਮੁੱਦਾ ਦੁਬਾਰਾ ਚੁਕਦਿਆਂ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਇਹ ਇੱਕਾ-ਦੁੱਕਾ ਗੜਬੜੀਆਂ ਨਹੀਂ ਸਗੋਂ ‘ਵੋਟ ਚੋਰੀ’ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ‘ਮਸ਼ੀਨ-ਰੀਡੇਬਲ’ ਡਿਜੀਟਲ ਵੋਟਰ ਸੂਚੀ ਅਤੇ ਸੀਸੀਟੀਵੀ ਫੁਟੇਜ ਫੌਰੀ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਚੋਣਾਂ ’ਚ ਵੋਟਾਂ ਦੀ ਚੋਰੀ ਬਾਰੇ ਜਾਣਕਾਰੀ ਛਿਪਾਉਣਾ ਹੀ ਉਸ ਕੋਤਾਹੀ ਨੂੰ ਸਵੀਕਾਰਨਾ ਹੈ। ਰਾਹੁਲ ਨੇ ‘ਐਕਸ’ ’ਤੇ ਇਕ ਮੀਡੀਆ ਰਿਪੋਰਟ ਸਾਂਝੀ ਕੀਤੀ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ 2024 ਦੀਆਂ ਲੋਕ ਸਭਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਸਿਰਫ਼ ਛੇ ਮਹੀਨਿਆਂ ਦਰਮਿਆਨ ਹੀ ਨਾਗਪੁਰ ਦੱਖਣ-ਪੱਛਮੀ ਸੀਟ, ਜਿਸ ’ਤੇ ਭਾਜਪਾ ਆਗੂ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੇਤੂ ਰਹੇ ਹਨ, ’ਤੇ 29,219 ਨਵੇਂ ਵੋਟਰ ਜੋੜੇ ਗਏ ਸਨ। ਉਨ੍ਹਾਂ ਇਕ ਪੋਸਟ ’ਚ ਕਿਹਾ, ‘‘ਮਹਾਰਾਸ਼ਟਰ ’ਚ ਮੁੱਖ ਮੰਤਰੀ ਦੇ ਆਪਣੇ ਹਲਕੇ ’ਚ ਵੋਟਰ ਸੂਚੀ ’ਚ ਸਿਰਫ਼ ਪੰਜ ਮਹੀਨਿਆਂ ਦੇ ਅੰਦਰ 8 ਫ਼ੀਸਦ ਦਾ ਵਾਧਾ ਦੇਖਿਆ ਗਿਆ। ਕੁਝ ਬੂਥਾਂ ’ਤੇ 20 ਤੋਂ 25 ਫ਼ੀਸਦੀ ਤੱਕ ਵੋਟਰ ਵਧੇ। ਬੀਐੱਲਓਜ਼ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਵੋਟ ਭੁਗਤਾਉਣ ਦੀ ਸੂਚਨਾ ਦਿੱਤੀ ਗਈ। ਮੀਡੀਆ ਨੇ ਪਤਿਆਂ ਦੀ ਤਸਦੀਕ ਨਾ ਹੋਣ ਵਾਲੇ ਹਜ਼ਾਰਾਂ ਵੋਟਰਾਂ ਦਾ ਪਰਦਾਫਾਸ਼ ਕੀਤਾ। ਅਤੇ ਚੋਣ ਕਮਿਸ਼ਨ? ਚੁੱਪ ਜਾਂ ਮਿਲੀਭੁਗਤ। ਇਹ ਇੱਕਾ-ਦੁੱਕਾ ਗੜਬੜੀਆਂ ਨਹੀਂ ਹਨ। ਇਹ ਵੋਟ ਚੋਰੀ ਹੈ। ਛਿਪਾਉਣ ਦਾ ਮਤਲਬ ਹੀ ਇਕਬਾਲ ਕਰਨਾ ਹੈ।’’ ਰਾਹੁਲ ਨੇ ਕਿਹਾ ਕਿ ਇਸ ਕਰਕੇ ਉਹ ‘ਮਸ਼ੀਨ-ਰੀਡੇਬਲ’ ਡਿਜੀਟਲ ਵੋਟਰ ਸੂਚੀ ਅਤੇ ਸੀਸੀਟੀਵੀ ਫੁਟੇਜ ਫੌਰੀ ਜਾਰੀ ਕਰਨ ਦੀ ਮੰਗ ਕਰਦੇ ਹਨ। -ਪੀਟੀਆਈ
ਸਾਰੀਆਂ ਚੋਣਾਂ ਨੇਮਾਂ ਮੁਤਾਬਕ ਹੋਈਆਂ: ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਚੋਣਾਂ ’ਚ ਗੜਬੜੀ ਦੇ ਲਾਏ ਗਏ ਦੋਸ਼ਾਂ ਦਾ ਰਸਮੀ ਜਵਾਬ ਦਿੰਦਿਆਂ ਕਿਹਾ ਕਿ ਸਾਰੀਆਂ ਚੋਣਾਂ ਨੇਮਾਂ ਅਤੇ ਕਾਨੂੰਨ ਮੁਤਾਬਕ ਹੁੰਦੀਆਂ ਹਨ। ਚੋਣ ਕਮਿਸ਼ਨ ਨੇ ਇਹ ਵੀ ਉਮੀਦ ਜਤਾਈ ਕਿ ਚੋਣਾਂ ਨਾਲ ਸਬੰਧਤ ਮੁੱਦੇ ਕਾਂਗਰਸ ਉਮੀਦਵਾਰਾਂ ਵੱਲੋਂ ਪਹਿਲਾਂ ਹੀ ਅਦਾਲਤ ’ਚ ਚੁੱਕੇ ਗਏ ਹੋਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਜੇ ਰਾਹੁਲ ਨੂੰ ਫਿਰ ਵੀ ਕੋਈ ਸਮੱਸਿਆ ਹੈ ਤਾਂ ਉਹ ਉਨ੍ਹਾਂ ਨੂੰ ਪੱਤਰ ਲਿਖ ਸਕਦੇ ਹਨ ਅਤੇ ਚੋਣ ਕਮਿਸ਼ਨ ਉਨ੍ਹਾਂ ਨਾਲ ਮਿਲ ਕੇ ਸਾਰੇ ਮੁੱਦੇ ਵਿਚਾਰਨ ਦਾ ਵੀ ਇੱਛੁਕ ਹੈ। ਸਾਰੇ ਚੋਣ ਅਮਲ ’ਚ ਹਜ਼ਾਰਾਂ ਮੁਲਾਜ਼ਮ ਸ਼ਾਮਲ ਹੁੰਦੇ ਹਨ ਜਿਨ੍ਹਾਂ ’ਚ ਸਿਆਸੀ ਪਾਰਟੀ ਵੱਲੋਂ ਨਿਯੁਕਤ ਬੂਥ ਪੱਧਰੀ ਏਜੰਟ ਵੀ ਸ਼ਾਮਲ ਹਨ। -ਪੀਟੀਆਈ
ਭਾਜਪਾ ਵੱਲੋਂ ਰਾਹੁਲ ਦੀ ਆਲੋਚਨਾ
ਨਵੀਂ ਦਿੱਲੀ: ਭਾਜਪਾ ਤਰਜਮਾਨ ਪ੍ਰਦੀਪ ਭੰਡਾਰੀ ਨੇ ‘ਐਕਸ’ ’ਤੇ ਕਿਹਾ, ‘‘ਰਾਹੁਲ ਗਾਂਧੀ ਦੀਆਂ 90 ਚੋਣ ਹਾਰਾਂ ’ਤੇ ਪਰਦਾ ਪਾਉਣ ਲਈ ਕਾਂਗਰਸ ਪਾਰਟੀ ਬਿਨਾਂ ਕਿਸੇ ਸਬੂਤ ਦੇ ਬਿਆਨ ਦਾਗ਼ ਰਹੀ ਹੈ। ਸਚਾਈ ਇਹ ਹੈ ਕਿ ਹਰ ਵਾਰ ਜਦੋਂ ਰਾਹੁਲ ਨਾਕਾਮ ਹੁੰਦੇ ਹਨ ਤਾਂ ਕਾਂਗਰਸ ਵੋਟਰਾਂ, ਨਿਆਂਪਾਲਿਕਾ ਜਾਂ ਚੋਣ ਕਮਿਸ਼ਨ ’ਤੇ ਹਮਲੇ ਕਰਦੀ ਹੈ।’’ ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰਾਹੁਲ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆ ਕਿਹਾ ਕਿ ਸੂਬੇ ’ਚ ਨਮੋਸ਼ੀ ਭਰੀ ਹਾਰ ਮਿਲਣ ਕਾਰਨ ਉਹ ‘ਅੰਨ੍ਹੇਵਾਹ’ ਬਿਆਨ ਦਾਗ਼ ਰਹੇ ਹਨ। -ਪੀਟੀਆਈ