ਏਸੀ ਤਾਪਮਾਨ 20-28 ਡਿਗਰੀ ਤੈਅ ਕਰਨ ਦੀ ਯੋਜਨਾ
ਨਵੀਂ ਦਿੱਲੀ: ਏਅਰ ਕੰਡੀਸ਼ਨਰ (ਏਸੀ) ਦੇ ਤਾਪਮਾਨ ਨੂੰ 20 ਤੋਂ 28 ਡਿਗਰੀ ਸੈਲਸੀਅਸ ਵਿਚਕਾਰ ਤੈਅ ਕਰਨ ਲਈ ਬਿਊਰੋ ਆਫ਼ ਐਨਰਜੀ ਐਫੀਸ਼ਿਐਂਸੀ (ਬੀਈਈ) ਖਾਕਾ ਤਿਆਰ ਕਰ ਰਿਹਾ ਹੈ। ਬਿਜਲੀ ਮੰਤਰਾਲੇ ਤਹਿਤ ਆਉਣ ਵਾਲਾ ਬੀਈਈ ਊਰਜਾ-ਕੁਸ਼ਲ ਪ੍ਰਕਿਰਿਆਵਾਂ, ਉਪਕਰਨਾਂ ਅਤੇ ਪ੍ਰਣਾਲੀਆਂ ਦੀ ਵਰਤੋਂ ਨੂੰ ਹੱਲਾਸ਼ੇਰੀ ਦਿੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਵਿਸ਼ੇ ’ਤੇ ਚਰਚਾ ਜਾਰੀ ਹੈ ਪਰ ਤਾਪਮਾਨ ਦੀ ਸਟੀਕ ਨਿਰਧਾਰਣ ਹੱਦ ਜਾਂ ਕਿਸੇ ਸਮਾਂ-ਸੀਮਾ ਬਾਰੇ ਹਾਲੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਸਰਕਾਰ ਏਸੀ ਦੇ ਤਾਪਮਾਨ ਨੂੰ ਤੈਅ ਕਰਨ ਦੇ ਵਿਸ਼ੇ ’ਤੇ ਐਪਾਲਾਇੰਸ ਮੇਕਰਾਂ ਅਤੇ ਸੂਬਿਆਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਾਂ ’ਚ ਲੱਗੇ ਏਸੀ ਦਾ ਤਾਪਮਾਨ ਤੈਅ ਕਰਨ ਲਈ ਵੀ ਆਟੋਮੋਬਾਈਲ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਮੁਲਕ ’ਚ ਬਿਜਲੀ ਦੀ ਮੰਗ ਵੱਧ ਰਹੀ ਹੈ ਅਤੇ 9 ਜੂਨ ਨੂੰ ਇਹ 241 ਗੀਗਾਵਾਟ ਤੱਕ ਪਹੁੰਚ ਗਈ ਸੀ। ਇਸ ਦੌਰਾਨ ਬਿਜਲੀ ਸਕੱਤਰ ਪੰਕਜ ਅਗਰਵਾਲ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਦੇਸ਼ ’ਚ ਐਨਰਜੀ ਕਾਰਜਕੁਸ਼ਲਤਾ ’ਚ ਸੁਧਾਰ ਲਿਆਉਣਾ ਹੈ। ਤਾਪਮਾਨ ’ਚ ਇਕ ਡਿਗਰੀ ਦੀ ਕਮੀ ਨਾਲ ਵੀ ਛੇ ਫ਼ੀਸਦ ਊਰਜਾ ਦੀ ਬੱਚਤ ਹੁੰਦੀ ਹੈ। -ਪੀਟੀਆਈ