‘ਅਪਰੇਸ਼ਨ ਸਿੰਧੂਰ’ ਨੇ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਜੇਕਰ ਭਾਰਤ ਦੀ ਪ੍ਰਭੂਸੱਤਾ ’ਤੇ ਹਮਲਾ ਹੋਇਆ ਤਾਂ ਉਹ ਕਿਸ ਢੰਗ ਨਾਲ ਜਵਾਬ ਦੇਵੇਗਾ ਅਤੇ ਸਰਹੱਦ ਪਾਰ ਫੌਜੀ ਕਾਰਵਾਈ ਨੇ ਪੂਰੇ ਦੇਸ਼ ਵਿੱਚ ਇਕ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ ਹੈ। ਦੁਨੀਆ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਉਨ੍ਹਾਂ ਇੱਥੇ ਚੋਲਾ ਸਮਰਾਟ ਰਾਜੇਂਦਰ ਚੋਲਾ ਦੇ ਸਨਮਾਨ ਵਿੱਚ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਦੁਸ਼ਮਣਾਂ ਅਤੇ ਅਤਿਵਾਦੀਆਂ ਲਈ ਛੁਪਣ ਦੀ ਕੋਈ ਥਾਂ ਨਹੀਂ ਹੈ। ਇਹ ਪ੍ਰੋਗਰਾਮ ਮਹਾਨ ਚੋਲਾ ਸਮਰਾਟ ਰਾਜੇਂਦਰ ਚੋਲਾ ਪਹਿਲੇ ਦੀ ਜੈਅੰਤੀ ਨੂੰ ਸਮਰਪਿਤ ਹੈ, ਜਿਸ ਨੂੰ ‘ਆਦਿ ਤਿਰੂਵਤਿਰਈ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ‘‘ਤਾਮਿਲਨਾਡੂ ਵਿੱਚ ਉਨ੍ਹਾਂ ਦੀਆਂ ਸੁੰਦਰ ਮੂਰਤੀਆਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਇਹ ਮੂਰਤੀਆਂ ਸਾਡੇ ਇਤਿਹਾਸਕ ਜਾਗਰਣ ਦੇ ਆਧੁਨਿਕ ਥੰਮ੍ਹ ਹੋਣਗੀਆਂ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਇਕ ਰੋਡ ਸ਼ੋਅ ਵੀ ਕੀਤਾ।
ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਚੋਲਾ ਕਾਲ ਦੇ ਭਗਵਾਨ ਬ੍ਰਿਹਦੀਸਵਰਾ ਮੰਦਰ ਵਿੱਚ ਮੱਥਾ ਟੇਕਿਆ। ਮੰਦਰ ਦੇ ਪੁਜਾਰੀਆਂ ਨੇ ਰਵਾਇਤੀ ਢੰਗ ਨਾਲ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ। ਇੱਥੇ ਮੰਦਰ ਵਿੱਚ ਪੂਜਾ ਤੋਂ ਬਾਅਦ ਮੋਦੀ ਨੇ ਰਾਜੇਂਦਰ ਚੋਲਾ ਪਹਿਲੇ ਦੇ ਸਨਮਾਨ ਵਿੱਚ ਇਕ ਵਿਸ਼ੇਸ਼ ਸਿੱਕਾ ਵੀ ਜਾਰੀ ਕੀਤਾ। ਉਨ੍ਹਾਂ ਚੋਲਾ ਸਾਮਰਾਜ ਦੇ ਸਮਰਾਟ ਰਾਜਰਾਜਾ ਚੋਲਾ ਅਤੇ ਉਨ੍ਹਾਂ ਦੇ ਪੁੱਤਰ ਰਾਜੇਂਦਰ ਚੋਲਾ ਪਹਿਲੇ ਦਾ ਵਿਸ਼ਾਲ ਬੁੱਤ ਬਣਾਉਣ ਦਾ ਐਲਾਨ ਵੀ ਕੀਤਾ। ਇਸੇ ਦੌਰਾਨ ਮੋਦੀ ਨੇ ਸਾਬਕਾ ਰਾਸ਼ਟਰਪਤੀ ਏਪੀਜੀ ਅਬਦੁੱਲ ਕਲਾਮ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ।