ਅਪਰੇਸ਼ਨ ਸਿੰਧੂ: ਇਰਾਨ ਤੋਂ 256 ਹੋਰ ਭਾਰਤੀ ਵਿਦਿਆਰਥੀ ਸੁਰੱਖਿਅਤ ਦਿੱਲੀ ਪਹੁੰਚੇ
ਨਵੀਂ ਦਿੱਲੀ, 21 ਜੂਨ
ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਵਿਚਕਾਰ, ਇਰਾਨ ਵਿੱਚ ਫਸੇ 256 ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਸ਼ਮੀਰ ਘਾਟੀ ਤੋਂ ਹਨ, ਨੂੰ ਲੈ ਕੇ ‘ਮਹਾਨ ਏਅਰ’ ਦੀ ਉਡਾਣ ਅੱਜ ਸੁਰੱਖਿਅਤ ਦਿੱਲੀ ਹਵਾਈ ਅੱਡੇ ’ਤੇ ਉਤਰੀ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ।
ਜੰਮੂ-ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤ ਸਰਕਾਰ ਦੇ ਯਤਨਾਂ ਅਤੇ ਇਰਾਨੀ ਅਧਿਕਾਰੀਆਂ ਨਾਲ ਸਮੇਂ ਸਿਰ ਤਾਲਮੇਲ ਲਈ ਧੰਨਵਾਦ। ਅਸੀਂ ਸਾਰੇ ਬਾਕੀ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।” ਐਸੋਸੀਏਸ਼ਨ ਨੇ ਇਹ ਵੀ ਪੁਸ਼ਟੀ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਹੋਰ ਬਚਾਅ ਉਡਾਣ ਰਾਤ ਦੇ ਲਗਪਗ 11.30 ਵਜੇ ਕੌਮੀ ਰਾਜਧਾਨੀ ਵਿੱਚ ਪਹੁੰਚਣ ਦੀ ਉਮੀਦ ਹੈ।
ਇਹ 'ਅਪਰੇਸ਼ਨ ਸਿੰਧੂ' ਤਹਿਤ 24 ਘੰਟਿਆਂ ਅੰਦਰ ਇਰਾਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਵਾਲੀ ਦੂਜੀ ਉਡਾਣ ਸੀ। ਭਾਰਤੀ ਅਧਿਕਾਰੀਆਂ ਨੇ ਆਪਣੇ ਇਰਾਨੀ ਹਮਰੁਤਬਾ ਦੇ ਤਾਲਮੇਲ ਨਾਲ ਫਸੇ ਹੋਏ ਵਿਦਿਆਰਥੀਆਂ ਨੂੰ ਤਹਿਰਾਨ ਤੋਂ ਮਸ਼ਹਦ ਲਿਜਾਣ ਲਈ ਸਹਿਯੋਗ ਦਿੱਤਾ ਸੀ। ਇਰਾਨ ਨੇ ਸੁਰੱਖਿਅਤ ਵਾਪਸੀ ਵਿੱਚ ਸਹਾਇਤਾ ਲਈ ਆਪਣਾ ਹਵਾਈ ਖੇਤਰ ਵੀ ਖੋਲ੍ਹਿਆ। ਦੱਸਣਾ ਬਣਦਾ ਹੈ ਕਿ 1,000 ਭਾਰਤੀ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਦੀ ਇੱਕ ਲੜੀ ਰਾਹੀਂ ਘਰ ਵਾਪਸ ਲਿਆਂਦਾ ਜਾ ਰਿਹਾ ਹੈ। ਦੋ ਵਾਧੂ ਉਡਾਣਾਂ, ਜਿਨ੍ਹਾਂ ਵਿੱਚ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ ਤੋਂ ਇੱਕ (ਐਤਵਾਰ ਨੂੰ ਸਵੇਰੇ 3 ਵਜੇ ਦੇ ਕਰੀਬ ਪਹੁੰਚਣ ਦੀ ਉਮੀਦ ਹੈ) ਵੀ ਨਿਰਧਾਰਤ ਕੀਤੀਆਂ ਗਈਆਂ ਹਨ।-ਪੀਟੀਆਈ