ਉੜੀਸਾ: ਦੋ ਦਲਿਤਾਂ ਦੇ ਅਪਮਾਨ ਮਾਮਲੇ ਵਿੱਚ ਨੌਂ ਗ੍ਰਿਫ਼ਤਾਰ
ਭੁਬਨੇਸ਼ਵਰ, 24 ਜੂਨ
ਪੁਲੀਸ ਨੇ ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ ਦੋ ਦਲਿਤ ਵਿਅਕਤੀਆਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਦੇ ਦੋਸ਼ ਹੇਠ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੰਜਮ ਦੇ ਐੱਸਪੀ ਸੁਵੇਂਦੂ ਕੁਮਾਰ ਪਾਤਰਾ ਨੇ ਕਿਹਾ ਕਿ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਘੱਟੋ-ਘੱਟ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ, ਕਾਂਗਰਸ ਨੇ ਗਊ ਤਸਕਰੀ ਦੇ ਸ਼ੱਕ ਵਿੱਚ ਦੋ ਦਲਿਤਾਂ ਨਾਲ ਹੋਏ ਗ਼ੈਰ-ਮਨੁੱਖੀ ਵਿਵਹਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਹੈ। ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਭਗਤ ਚਰਨ ਦਾਸ ਨੇ ਵਿਧਾਇਕ ਦਲ ਦੇ ਨੇਤਾ ਰਾਮਚੰਦਰ ਕਦਮ ਦੀ ਅਗਵਾਈ ਹੇਠ ਬੀਤੀ ਰਾਤ ਇਸ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਉੜੀਸਾ ਕਾਂਗਰਸ ਦੇ ਮੀਤ ਪ੍ਰਧਾਨ ਲਾਲਤੇਂਦੂ ਮਹਾਪਾਤਰਾ, ਵਿਧਾਇਕ ਰਮੇਸ਼ ਜੇਨਾ, ਜਨਰਲ ਸਕੱਤਰ ਸੁਬਰਨਾ ਨਾਇਕ ਅਤੇ ਸਕੱਤਰ ਤੁਲੇਸ਼ਵਰ ਨਾਇਕ ਸ਼ਾਮਲ ਹਨ। ਇਹ ਘਟਨਾ ਐਤਵਾਰ ਨੂੰ ਧਾਰਕੋਟ ਥਾਣਾ ਖੇਤਰ ਅਧੀਨ ਪੈਂਦੇ ਖਰੀਗੁਮਾ ਪਿੰਡ ਦੇ ਜਹਾਦਾ ਵਿੱਚ ਵਾਪਰੀ ਸੀ। ਪੁਲੀਸ ਅਨੁਸਾਰ ਪੀੜਤ ਬਾਬੁਲਾ ਨਾਇਕ (54) ਅਤੇ ਬੁਲੂ ਨਾਇਕ (42) ਸਿੰਗੀਪੁਰ ਪਿੰਡ ਦੇ ਵਸਨੀਕ ਹਨ। ਉਹ ਇੱਕ ਵਾਹਨ ਵਿੱਚ ਦੋ ਗਾਵਾਂ ਅਤੇ ਇੱਕ ਵੱਛਾ ਲੈ ਕੇ ਜਾ ਰਹੇ ਸਨ। ਕੁੱਝ ਕਥਿਤ ‘ਗਊ ਰੱਖਿਅਕਾਂ’ ਨੇ ਉਨ੍ਹਾਂ ਨੂੰ ਖਰੀਗੁਮਾ ਵਿੱਚ ਰੋਕ ਲਿਆ ਅਤੇ ਗਊ ਤਸਕਰੀ ਦਾ ਦੋਸ਼ ਲਾਇਆ। ਪੁਲੀਸ ਅਨੁਸਾਰ, ਗਊ ਤਸਕਰੀ ਦੇ ਦੋਸ਼ ਹੇਠ ਦੋ ਦਲਿਤਾਂ ਦਾ ਸਿਰ ਮੁੰਨ ਦਿੱਤਾ, ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਗੋਡਿਆਂ ਭਾਰ ਚੱਲਣ, ਘਾਹ ਖਾਣ ਅਤੇ ਨਾਲੀ ਦਾ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਵਿਰੋਧੀ ਧਿਰ ਬੀਜੂ ਜਨਤਾ ਦਲ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। -ਪੀਟੀਆਈ