ਕਿਰਨ ਖੇਰ ਨੂੰ 12.76 ਲੱਖ ਦੇ ਬਕਾਏ ਦੀ ਅਦਾਇਗੀ ਨਾ ਕਰਨ ’ਤੇ ਨੋਟਿਸ
ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਸ਼ਹਿਰ ਦੇ ਸੈਕਟਰ-7 ਵਿੱਚ ਅਲਾਟ ਹੋਏ ਸਰਕਾਰੀ ਘਰ ਦਾ ਕਿਰਾਇਆ ਨਾ ਭਰਨ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚੰਡੀਗੜ੍ਹ ਦੇ ਸਹਾਇਕ ਕੰਟਰੋਲਰ (ਵਿੱਤ ਤੇ ਅਕਾਊਂਟਸ) ਕਿਰਾਇਆ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਘਰ ਲਈ 12.76ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਨੋਟਿਸ ਮੁਤਾਬਕ ਸਾਬਕਾ ਸੰਸਦ ਮੈਂਬਰ ਦੇ ਜੁਲਾਈ 2023 ਤੋਂ 5 ਅਕਤੂਬਰ 2024 ਤੱਕ ਦੀ ਲਾਇਸੈਂਸ ਫੀਸ ਦੇ ਕੁੱਲ ਬਕਾਏ 5,725 ਰੁਪਏ ਹਨ। ਇਸ ਤੋਂ ਇਲਾਵਾ 6 ਅਕਤੂਬਰ 2024 ਤੋਂ 5 ਜਨਵਰੀ 2025 ਤੱਕ ਦੇ ਅਣਅਧਿਕਾਰਤ ਕਬਜ਼ੇ ਲਈ 100 ਫ਼ੀਸਦ ਜੁਰਮਾਨਾ ਲਗਾਇਆ ਗਿਆ ਹੈ ਜੋ ਕਿ 3.64 ਲੱਖ ਰੁਪਏ ਬਣਦਾ ਹੈ। 6 ਜਨਵਰੀ ਤੋਂ 12 ਅਪਰੈਲ 2025 ਤੱਕ ਸਾਬਕਾ ਸੰਸਦ ਮੈਂਬਰ ’ਤੇ 200 ਫ਼ੀਸਦ ਜੁਰਮਾਨਾ ਲਗਾਇਆ ਗਿਆ ਹੈ, ਜੋ ਕਿ 8.20 ਲੱਖ ਰੁਪਏ ਤੱਕ ਬਣਦਾ ਹੈ। ਸਹਾਇਕ ਕੰਟਰੋਲਰ (ਵਿੱਤ ਅਤੇ ਅਕਾਊਂਟਸ) ਕਿਰਾਇਆ ਦਫ਼ਤਰ ਨੇ 30 ਅਪਰੈਲ ਤੱਕ 26,106 ਰੁਪਏ ਅਤੇ 59,680 ਰੁਪਏ 12 ਫੀਸਦ ਸਾਲਾਨਾ ਵਿਆਜ ਸਣੇ ਵਾਧੂ ਵਿਆਜ ਅਤੇ ਫੁਟਕਲ ਖਰਚੇ ਵੀ ਸ਼ਾਮਲ ਕੀਤੇ ਹਨ। ਇਸ ਤਰ੍ਹਾਂ ਉਸ ਦੀ ਕੁੱਲ ਬਕਾਇਆ ਰਕਮ 12.76 ਲੱਖ ਰੁਪਏ ਬਣਦੀ ਹੈ। ਕਿਰਾਇਆ ਸਹਾਇਕ ਕੰਟਰੋਲਰ ਨੇ ਕਿਰਨ ਨੂੰ ਡਿਮਾਂਡ ਡਰਾਫਟ ਜਾਂ ਬੈਂਕ ਟਰਾਂਸਫਰ ਰਾਹੀਂ ਰਕਮ ਦਾ ਭੁਗਤਾਨ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਿਰਨ ਖੇਰ ਚੰਡੀਗੜ੍ਹ ਤੋਂ ਸਾਲ 2014 ਤੇ 2019 ਵਿੱਚ ਦੋ ਵਾਰ ਸੰਸਦ ਮੈਂਬਰ ਚੁਣੀ ਗਈ ਸੀ। ਇਸ ਦੌਰਾਨ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਸਰਕਾਰੀ ਮਕਾਨ ਅਲਾਟ ਹੋਇਆ ਸੀ।