DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਵੱਲੋਂ ਸਬੰਧਾਂ ਦੀ ਮਜ਼ਬੂਤੀ ਲਈ ਫਰਾਂਸ ਦਾ ਦੌਰਾ

ਪੈਰਿਸ, 13 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਨਾਲ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਰੋਜ਼ਾ ਫੇਰੀ ਤਹਿਤ ਅੱਜ ਫਰਾਂਸ ਪਹੁੰਚ ਗਏ। ਸ੍ਰੀ ਮੋਦੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨ ਤੋਂ ਇਲਾਵਾ ਭਲਕੇ ਫਰਾਂਸ ਦੇ...
  • fb
  • twitter
  • whatsapp
  • whatsapp
featured-img featured-img
ਪੈਰਿਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ’ਤੇ ਗਾਰਡ ਆਫ ਆਨਰ ਦਾ ਮੁਆਇਨਾ ਕਰਦੇ ਹੋਏ। ਤਸਵੀਰ ’ਚ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਬੈੱਥ ਬੋਰਨ ਵੀ ਨਜ਼ਰ ਆ ਰਹੇ ਹਨ। -ਫੋਟੋ: ਏਪੀ
Advertisement

ਪੈਰਿਸ, 13 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਨਾਲ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਰੋਜ਼ਾ ਫੇਰੀ ਤਹਿਤ ਅੱਜ ਫਰਾਂਸ ਪਹੁੰਚ ਗਏ। ਸ੍ਰੀ ਮੋਦੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨ ਤੋਂ ਇਲਾਵਾ ਭਲਕੇ ਫਰਾਂਸ ਦੇ ਕੌਮੀ ਦਿਹਾੜੇ ਮੌਕੇ ਬੈਸਿਲ ਡੇਅ ਪਰੇਡ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੋ ਰੋਜ਼ਾ ਫੇਰੀ ਲਈ ਫਰਾਂਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੈੱਡ ਕਾਰਪੈੱਟ ਨਾਲ ਸਵਾਗਤ ਕੀਤਾ ਗਿਆ। ਫਰੈਂਚ ਪ੍ਰਧਾਨ ਮੰਤਰੀ ਐਲਿਜ਼ਬੈਥ ਬੋਰਨ ਨੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ‘ਜੀ ਆਇਆਂ’ ਕਿਹਾ। ਸ੍ਰੀ ਮੋਦੀ ਨੂੰ ਹਵਾਈ ਅੱਡੇ ’ਤੇ ਹੀ ‘ਗਾਰਡ ਆਫ਼ ਆਨਰ’ ਦਿੱਤਾ ਗਿਆ ਤੇ ਇਸ ਦੌਰਾਨ ਦੋਵਾਂ ਮੁਲਕਾਂ ਦੇ ਰਾਸ਼ਟਰੀ ਗਾਣ ਵੀ ਵਜਾਏ ਗਏ। ਉਂਜ ਭਾਰਤ ਤੋਂ ਫਰਾਂਸ ਲਈ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਇਹ ਫੇਰੀ ਦੋਵਾਂ ਮੁਲਕਾਂ ਦੀ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਨਵੀਂ ਸ਼ਕਤੀ ਪ੍ਰਦਾਨ ਕਰੇਗੀ। ਸ੍ਰੀ ਮੋਦੀ ਨੇ ਇਕ ਬਿਆਨ ਵਿੱਚ ਕਿਹਾ ਸੀ, ‘‘ਮੈਂ ਰਾਸ਼ਟਰਪਤੀ ਮੈਕਰੋਂ ਨੂੰ ਮਿਲਣ ਅਤੇ ਇਸ ਹੰਢੀ ਵਰਤੀ ਪਿਛਲੇ 25 ਸਾਲਾਂ ਤੋਂ ਚੱਲੀ ਆ ਰਹੀ ਭਾਈਵਾਲੀ ਨੂੰ ਅੱੱਗੇ ਲਿਜਾਣ ਤੇ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਉਤਸ਼ਾਹਿਤ ਹਾਂ। ਅਸੀਂ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਕੰਮ ਕਰਾਂਗੇ।’’ ਦੱਸ ਦੇਈਏ ਕਿ ਸ੍ਰੀ ਮੋਦੀ 14 ਜੁਲਾਈ ਨੂੰ ਫਰਾਂਸ ਦੇ ਕੌਮੀ ਦਿਹਾੜੇ ਮੌਕੇ ਰਾਸ਼ਟਰਪਤੀ ਮੈਕਰੋਂ ਨਾਲ ਪੈਰਿਸ ਵਿੱਚ ਬੈਸਿਲ ਡੇਅ ਜਸ਼ਨਾਂ ਵਿੱਚ ਵਿਸ਼ੇਸ਼ ਵਜੋਂ ਸ਼ਾਮਲ ਹੋਣਗੇ। ਸ੍ਰੀ ਮੋਦੀ ਆਪਣੀ ਫੇਰੀ ਦੌਰਾਨ ਫਰਾਂਸ ਰਹਿੰਦੇ ਭਾਰਤੀ ਭਾਈਚਾਰੇ, ਸੀਈਓਜ਼ ਤੇ ਉੱਘੀਆਂ ਹਸਤੀਆਂ ਨੂੰ ਵੀ ਮਿਲਣਗੇ। ਫੇਰੀ ਦੇ ਪਹਿਲੇ ਦਿਨ ਮੋਦੀ ਨੇ ਆਪਣੇ ਫਰਾਂਸੀਸੀ ਹਮਰੁਤਬਾ ਐਲਿਜ਼ਬੈੱਥ ਬੋਰਨ ਤੇ ਸੈਨੇਟ ਮੁਖੀ ਜੇਰਾਰਡ ਲਾਰਚਰ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਯੂਰੋਪੀਅਨ ਮੁਲਕ ਨਾਲ ਰਣਨੀਤਕ ਭਾਈਵਾਲੀ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ। ਮੋਦੀ ਮਗਰੋਂ ਪੈਰਿਸ ਦੇ ਹੋਟਲ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਹੋਟਲ ਦੇ ਬਾਹਰ ਜੁੜੇ ਭਾਰਤੀ ਭਾਈਚਾਰੇ ਨੇ ਮੋਦੀ ਨਾਲ ਮੁਲਾਕਾਤ ਦੌਰਾਨ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਾਏ। ਮੋਦੀ ਮਗਰੋਂ ਫਰਾਂਸੀਸੀ ਲੀਡਰਸ਼ਿਪ, ਸੀਈਓ’ਜ਼ ਤੇ ਉੱਘੀਆਂ ਹਸਤੀਆਂ ਨੂੰ ਵੀ ਮਿਲੇ।

Advertisement

26 ਰਾਫ਼ਾਲ ਅਤੇ ਤਿੰਨ ਸਕੌਰਪੀਨ ਪਣਡੁੱਬੀਆਂ ਦੀ ਖਰੀਦ ਨੂੰ ਮਨਜ਼ੂਰੀ

ਨਵੀਂ ਦਿੱੱਲੀ: ਭਾਰਤ ਨੇ ਫਰਾਂਸ ਤੋਂ ਰਾਫਾਲ ਲੜਾਕੂ ਜਹਾਜ਼ਾਂ ਦੇ 26 ਨੇਵਲ ਵੇਰੀਐਂਟ (ਜਲਸੈਨਾ ਲਈ ਵਰਤੇ ਜਾਣ ਵਾਲੇ ਪ੍ਰਾਰੂਪ) ਅਤੇ ਤਿੰਨ ਸਕੌਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਖਰੀਦਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਡਿਫੈਂਸ ਐਕੁਜ਼ੀਸ਼ਨ ਕੌਂਸਲ (ਡੀਏਸੀ) ਨੇ ਖਰੀਦ ਤਜਵੀਜ਼ਾਂ ਨੂੰ ਅਜਿਹੇ ਮੌਕੇ ਹਰੀ ਝੰਡੀ ਦਿੱਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾ ਪੈਰਿਸ ਯਾਤਰਾ ’ਤੇ ਹਨ। ਰੱਖਿਆ ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ 26 ਰਾਫੇਲ-ਐੱਮ ਜਹਾਜ਼ਾਂ ਵਿੱਚੋਂ ਚਾਰ ਏਅਰਕ੍ਰਾਫਟ ਟ੍ਰੇਨਰ ਹੋਣਗੇ। ਰਾਫੇਲ-ਐੱਮ ਲੜਾਕੂ ਜਹਾਜ਼ ਡੈੱਕ-ਅਧਾਰਿਤ ਪਲੇਟਫਾਰਮ ਦਾ ਨੇਵਲ ਵੇਰੀਐਂਟ ਹੈ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਡਲਿਵਰੀ ਇਕਰਾਰਨਾਮੇ ’ਤੇ ਹਸਤਾਖਰ ਹੋਣ ਤੋਂ ਤਿੰਨ ਸਾਲਾਂ ਦੇ ਅੰਦਰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਕੀਮਤ ਨੂੰ ਲੈ ਕੇ ਅਜੇ ਵਿਸਥਾਰਿਤ ਗੱਲਬਾਤ ਕੀਤੀ ਜਾਣੀ ਹੈ। ਮੰਤਰਾਲੇ ਨੇ ਕਿਹਾ, ‘‘ਡੀਏਸੀ ਨੇ 26 ਰਾਫ਼ਾਲ ਸਾਗਰੀ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਕਰਾਰ (ਆਈਜੇਏ) ਤਹਿਤ ਫਰਾਂਸ ਸਰਕਾਰ ਵੱਲੋਂ ਭਾਰਤੀ ਜਲਸੈਨਾ ਨੂੰ ਸਹਾਇਕ ਸਾਜ਼ੋ-ਸਮਾਨ, ਹਥਿਆਰ, ਸਿਮੂਲੇਟਰ, ਪੁਰਜ਼ੇ, ਦਸਤਾਵੇਜ਼, ਅਮਲੇ ਦੀ ਸਿਖਲਾਈ ਤੇ ਲੌਜਿਸਟਿਕ ਸਪੋਰਟ ਮੁਹੱਈਆ ਕਰਵਾਈ ਜਾਵੇਗੀ।’’ ਰੱਖਿਆ ਖਰੀਦ ਨਾਲ ਜੁੜੇ ਇਸ ਨਵੇਂ ਕਰਾਰ ਦਾ ਪ੍ਰਧਾਨ ਮੰਤਰੀ ਮੋਦੀ ਤੇ ਫਰੈਂਚ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਸ਼ੁੱਕਰਵਾਰ ਨੂੰ ਐਲਾਨ ਕਰ ਸਕਦੇ ਹਨ। ਡੀਏਸੀ ਨੇ ਤਿੰਨ ਵਾਧੂ ਸਕੌਰਪੀਨ ਪਣਡੁੱਬੀਆਂ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ ਹੈ। ੲਿਹ ਪਣਡੁੱਬੀਆਂ ਮਾਜ਼ਾਗਾਓਂ ਡੌਕ ਸ਼ਿਪਬਿਲਡਰਜ਼ ਲਿਮਟਿਡ (ਐੱਮਡੀਐੱਲ) ਵੱਲੋਂ ਤਿਆਰ ਕੀਤੀਆਂ ਜਾਣੀਆਂ ਹਨ। ਮੰਤਰਾਲੇ ਨੇ ਕਿਹਾ ਕਿ ਉੱਚ ਸਵਦੇਸ਼ੀ ਸਮੱਗਰੀ ਨਾਲ ਲੈਸ ਇਨ੍ਹਾਂ ਵਾਧੂ ਪਣਡੁੱਬੀਆਂ ਦੀ ਖਰੀਦ ਨਾ ਸਿਰਫ ਭਾਰਤੀ ਜਲਸੈਨਾ ਦੇ ਲੋੜੀਂਦੇ ਬਲ ਪੱਧਰ ਅਤੇ ਸੰਚਾਲਨ ਤਿਆਰੀ ਨੂੰ ਕਾਇਮ ਰੱਖਣ ਵਿਚ ਮਦਦ ਕਰੇਗੀ, ਸਗੋਂ ਘਰੇਲੂ ਖੇਤਰ ਵਿਚ ਰੁਜ਼ਗਾਰ ਦੇ ਅਹਿਮ ਮੌਕੇ ਵੀ ਪੈਦਾ ਹੋਣਗੇ।

Advertisement
×