ਸੇਵਾਮੁਕਤੀ ਮਗਰੋਂ ਸਲਾਹ ਦੇਵਾਂਗਾ ਤੇ ਸਾਲਸੀ ਕਰਾਂਗਾ: ਗਵਈ
ਚੀਫ ਜਸਟਿਸ ਬੀਆਰ ਗਵਈ ਨੇ ਅੱਜ ਕਿਹਾ ਕਿ ਉਹ ਆਪਣੀ ਸੇਵਾਮੁਕਤੀ ਤੋਂ ਬਾਅਦ ਸਲਾਹ ਦੇਣਗੇ ਤੇ ਵਿਚੋਲਗੀ ਕਰਨਗੇ ਅਤੇ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਨਗੇ। ਉਹ ਅਮਰਾਵਤੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵਿੱਚ ਮਰਹੂਮ ਟੀਆਰ ਗਿਲਡਾ ਮੈਮੋਰੀਅਲ ਈ-ਲਾਇਬਰੇਰੀ ਦੇ ਉਦਘਾਟਨ ਮੌਕੇ ਬੋਲ ਰਹੇ ਸਨ।
ਜਸਟਿਸ ਗਵਈ ਨੇ ਕਿਹਾ, ‘‘ਮੈਂ ਪਹਿਲਾਂ ਵੀ ਕਈ ਮੌਕਿਆਂ ’ਤੇ ਐਲਾਨ ਕੀਤਾ ਹੈ ਕਿ 24 ਨਵੰਬਰ ਤੋਂ ਬਾਅਦ ਮੈਂ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਾਂਗਾ। ਮੈਂ ਸਲਾਹ ਦੇਵਾਂਗਾ ਅਤੇ ਵਿਚੋਲਗੀ ਕਰਾਂਗਾ।’’ ਚੀਫ਼ ਜਸਟਿਸ ਗਵਈ 23 ਨਵੰਬਰ ਨੂੰ ਸੇਵਾਮੁਕਤ ਹੋਣਗੇ। ਗਵਈ ਨੇ ਅਮਰਾਵਤੀ ਸਥਿਤ ਆਪਣੇ ਜੱਦੀ ਪਿੰਡ ਦਾਰਾਪੁਰ ਵਿੱਚ ਆਪਣੇ ਪਿਤਾ ਅਤੇ ਕੇਰਲਾ ਤੇ ਬਿਹਾਰ ਦੇ ਸਾਬਕਾ ਰਾਜਪਾਲ ਆਰਐੱਸ ਗਵਈ ਦੀ ਸਮਾਧ ’ਤੇ ਸ਼ੁੱਕਰਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਚੀਫ਼ ਜਸਟਿਸ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪਿੰਡ ਵਿੱਚ ਪਿਤਾ ਦੀ ਬਰਸੀ ਸਬੰਧੀ ਇਕੱਤਰਤਾ ’ਚ ਸ਼ਾਮਲ ਹੋਏ ਸਨ। ਗਵਈ ਨੇ ਦਾਰਾਪੁਰ ਪਿੰਡ ਦੇ ਰਸਤੇ ’ਤੇ ਬਣਨ ਵਾਲੇ ਵਿਸ਼ਾਲ ਗੇਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੁੱਖ ਗੇਟ ਦਾ ਨਾਮ ਆਰਐੱਸ ਗਵਈ ਦੇ ਨਾਮ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਪਿਆਰ ਨਾਲ ਦਾਦਾਸਾਹਿਬ ਗਵਈ ਕਿਹਾ ਜਾਂਦਾ ਸੀ।