ਨਵੀਂ ਦਿੱਲੀ, 28 ਜੂਨ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਉਸ ਸੰਵਿਧਾਨਕ ਪ੍ਰਬੰਧ ਦੀ ਯਾਦ ਦਿਵਾਈ ਜਿਸ ਮੁਤਾਬਕ ਜਿਸ ਭਾਰਤੀ ਨਾਗਰਿਕ ਹੀ ਵੋਟ ਪਾ ਸਕਦੇ ਹਨ।
ਚੋਣ ਕਮਿਸ਼ਨ ਨੇ ਬਿਆਨ ’ਚ ਕਿਹਾ, ‘‘ਭਾਰਤ ਦਾ ਸੰਵਿਧਾਨ ਸਰਵਉੱਚ ਹੈ। ਸਾਰੇ ਨਾਗਰਿਕ, ਰਾਜਨੀਤਕ ਪਾਰਟੀਆਂ ਤੇ ਦੇਸ਼ ਦਾ ਚੋਣ ਕਮਿਸ਼ਨ ਸੰਵਿਧਾਨ ਦੀ ਪਾਲਣਾ ਕਰਦੇ ਹਨ।’’ ਚੋਣ ਅਧਿਕਾਰੀਆਂ ਨੇ ਇਸ ਸਾਲ ਛੇ ਸੂਬਿਆਂ ’ਚ ਵੋਟਰ ਸੂਚੀਆਂ ਦੀ ਪੜਤਾਲ ਕਰਨੀ ਹੈ, ਜਿਸ ਦੀ ਸ਼ੁਰੂਆਤ ਬਿਹਾਰ ਤੋਂ ਕੀਤੀ ਗਈ ਹੈ। ਇਸ ਦਾ ਮਕਸਦ ਜਨਮ ਸਥਾਨ ਦੀ ਜਾਂਚ ਕਰਕੇ ਵਿਦੇਸ਼ੀ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣਾ ਹੈ। ਬਿਹਾਰ ਵਿੱਚ ਇਸੇ ਸਾਲ ਵੋਟਾਂ ਪੈਣੀਆਂ ਹਨ ਜਦਕਿ ਬਾਕੀ ਪੰਜ ਸੂਬਿਆਂ ’ਚ ਅਸਾਮ, ਕੇਰਲਾ, ਪੁੱਡੂਚੇਰੀ, ਤਾਮਿਲਨਾਡੂ ਤੇ ਪੱਛਮੀ ਬੰਗਾਲ ’ਚ ਚੋਣਾਂ 2026 ਵਿੱਚ ਹੋਣੀਆਂ ਹਨ।
ਚੋਣ ਕਮਿਸ਼ਨ ਮੁਤਾਬਕ ਬਿਹਾਰ ਦੇ ਸਾਰੇ ਮੌਜੂਦਾ 7,89,69,844 ਵੋਟਰਾਂ ਲਈ ਨਵੇਂ ਗਣਨਾ ਫਾਰਮਾਂ ਦੀ ਛਪਾਈ ਦੇ ਨਾਲ-ਨਾਲ ਘਰ-ਘਰ ਜਾ ਕੇ ਇਨ੍ਹਾਂ ਦੀ ਵੰਡ ਦਾ ਕੰਮ ਬਿਹਾਰ ਦੇ 243 ਵਿਧਾਨ ਸਭਾ ਹਲਕਿਆਂ ’ਚ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਮੌਜੂਦਾ 7,89,69,844 ਵੋਟਰਾਂ ਵਿਚੋਂ 4.96 ਕਰੋੜ ਵੋਟਰਾਂ ਦੇ ਨਾਮ 1 ਜਨਵਰੀ 2003 ਨੂੰ ਕੀਤੀ ਗਈ ਵੋਟਰ ਸੂਚੀਆਂ ਦੀ ਆਖਰੀ ਵਿਸ਼ੇਸ਼ ਪੜਤਾਲ ਤੋਂ ਪਹਿਲਾਂ ਤੋਂ ਹੀ ਦਰਜ ਹਨ ਅਤੇ ਅਜਿਹੇ ਵੋਟਰਾਂ ਨੂੰ ਸਿਰਫ ਇਸ ਦੀ ਤਸਦੀਕ ਕਰਨੀ ਹੋਵੇਗੀ। -ਪੀਟੀਆਈ
ਵਿਰੋਧੀ ਪਾਰਟੀਆਂ ਨੇ ਵਿਸ਼ੇਸ਼ ਪੜਤਾਲ ਦੇ ਮਨਸ਼ੇ ’ਤੇ ਸਵਾਲ ਚੁੱਕੇ
ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਦੀ ਮਨਸ਼ੇ ਨੂੰ ਲੈ ਕੇ ਸਵਾਲ ਚੁੱਕੇ ਹਨ। ਕਈ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਬਿਹਾਰ ਵਿੱਚ ਮਸ਼ੀਨਰੀ ਦੀ ਦੁਰਵਰਤੋਂ ਰਾਹੀਂ ਜਾਣਬੁੱਝ ਕੇ ਵੋਟਰਾਂ ਨੂੰ ਸੂਚੀਆਂ ’ਚੋਂ ਬਾਹਰ ਕੀਤੇ ਜਾਣ ਦਾ ਖਦਸ਼ਾ ਹੈ।