ਕੇਂਦਰ ਨੇ 8ਵਾਂ ਤਨਖ਼ਾਹ ਕਮਿਸ਼ਨ ਬਣਾਉਣ ਬਾਰੇ ਵਿਚਾਰ ਮੰਗੇ
ਕੇਂਦਰ ਸਰਕਾਰ ਨੇ 8ਵਾਂ ਤਨਖ਼ਾਹ ਕਮਿਸ਼ਨ ਕਾਇਮ ਕਰਨ ਲਈ ਸੂਬਿਆਂ ਤੋਂ ਵਿਚਾਰ ਮੰਗੇ ਹਨ। ਸਰਕਾਰ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਤਨਖ਼ਾਹ ਕਮਿਸ਼ਨ ਬਣਾਉਣ ਲਈ ਰੱਖਿਆ ਤੇ ਗ੍ਰਹਿ ਮੰਤਰਾਲਿਆਂ ਤੋਂ ਇਲਾਵਾ ਪਰਸੋਨਲ ਤੇ ਸਿਖਲਾਈ ਵਿਭਾਗ ਸਮੇਤ ਹੋਰਾਂ ਤੋਂ ਵੀ ਸੁਝਾਅ ਮੰਗੇ ਗਏ ਹਨ। ਕੇਂਦਰੀ ਮੰਤਰੀ ਮੰਡਲ ਨੇ ਜਨਵਰੀ ’ਚ 8ਵਾਂ ਤਨਖ਼ਾਹ ਕਮਿਸ਼ਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਸੀ। ਛੇ ਮਹੀਨਿਆਂ ਤੋਂ ਤਨਖ਼ਾਹ ਕਮਿਸ਼ਨ ਨਾ ਬਣਾਏ ਜਾਣ ਦੇ ਕਾਰਨਾਂ ਸਬੰਧੀ ਲੋਕ ਸਭਾ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਸਰਕਾਰ ਵੱਲੋਂ 8ਵਾਂ ਕੇਂਦਰੀ ਤਨਖ਼ਾਹ ਕਮਿਸ਼ਨ ਨੋਟੀਫਾਈ ਕੀਤੇ ਜਾਣ ਮਗਰੋਂ ਉਸ ਦੇ ਚੇਅਰਪਰਸਨ ਅਤੇ ਮੈਂਬਰ ਨਿਯੁਕਤ ਕੀਤੇ ਜਾਣਗੇ। ਅੱਠਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਪਹਿਲੀ ਜਨਵਰੀ, 2026 ਤੋਂ ਲਾਗੂ ਹੋਣਗੀਆਂ। ਪਿਛਲਾ ਤਨਖ਼ਾਹ ਕਮਿਸ਼ਨ ਫਰਵਰੀ 2014 ’ਚ ਬਣਿਆ ਸੀ ਅਤੇ ਉਸ ਦੀਆਂ ਸਿਫ਼ਾਰਸ਼ਾਂ ਪਹਿਲੀ ਜਨਵਰੀ, 2016 ’ਚ ਲਾਗੂ ਹੋਈਆਂ ਸਨ। ਉਧਰ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਜੇ ਨੇ ਹੇਠਲੇ ਸਦਨ ’ਚ ਦੱਸਿਆ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ 16 ਜੁਲਾਈ ਤੱਕ ਵੱਧ ਤਨਖ਼ਾਹ ’ਤੇ ਪੈਨਸ਼ਨ ਲਈ 15,24,150 ਅਰਜ਼ੀਆਂ ’ਚੋਂ 98.5 ਫ਼ੀਸਦ ਦਾ ਨਿਬੇੜਾ ਕਰ ਦਿੱਤਾ ਹੈ।