ਸੀਬੀਡੀਟੀ ਚੇਅਰਮੈਨ ਰਵੀ ਅਗਰਵਾਲ ਦੇ ਕਾਰਜਕਾਲ ’ਚ ਵਾਧਾ
ਨਵੀਂ ਦਿੱਲੀ, 28 ਜੂਨ
ਕੇਂਦਰ ਸਰਕਾਰ ਨੇ ਅੱਜ ਸੀਬੀਡੀਟੀ ਚੇਅਰਮੈਨ ਰਵੀ ਅਗਰਵਾਲ ਦਾ ਕਾਰਜਕਾਲ ਇੱਕ ਸਾਲ ਵਧਾ ਕੇ ਜੂਨ 2026 ਤੱਕ ਕਰ ਦਿੱਤਾ ਹੈ।
ਅਗਰਵਾਲ ਜੋ 1988 ਬੈਚ ਦੇ ਆਈਆਰਐੇੱਸ ਅਧਿਕਾਰੀ ਹਨ, ਨੇ 30 ਜੂਨ ਨੂੰ ਸੇਵਾਮੁਕਤ ਹੋਣਾ ਸੀ। ਉਨ੍ਹਾਂ ਨੂੰ ਪਿਛਲੇ ਸਾਲ ਜੂਨ ਮਹੀਨੇ ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਜੋ ਆਮਦਨ ਕਰ ਵਿਭਾਗ ਲਈ ਨੀਤੀਆਂ ਬਣਾਉਂਦਾ ਹੈ, ਦਾ ਚੇਅਰਮੈਨ ਦਾ ਨਿਯੁਕਤ ਕੀਤਾ ਗਿਆ ਸੀ।
ਅੱਜ ਜਾਰੀ ਹੁਕਮ ’ਚ ਕਿਹਾ ਗਿਆ, ‘‘ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਰਵੀ ਅਗਰਵਾਲ ਨੂੰ ਸੀਬੀਡੀਟੀ ਦੇ ਚੇਅਰਮੈਨ ਵਜੋਂ ਕਰਾਰ ਦੇ ਆਧਾਰ ’ਤੇ ਇਕ ਸਾਲ ਦੀ ਮਿਆਦ ਲਈ ਪਹਿਲੀ ਜੁਲਾਈ 2025 ਤੋਂ 30 ਜੂਨ 2026 ਤੱਕ ਜਾਂ ਅਗਲੇ ਹੁਕਮਾਂ ਤੱਕ ਜੋ ਵੀ ਪਹਿਲਾਂ ਹੋਵੇ, ਭਰਤੀ ਨੇਮ ’ਚ ਛੋਟ ਸਣੇ ਮੁੜ-ਭਰਤੀ ਕੇਂਦਰ ਸਰਕਾਰ ਦੇ ਅਧਿਕਾਰੀਆਂ ’ਤੇ ਲਾਗੂ ਆਮ ਨੇਮਾਂ ਤੇ ਸ਼ਰਤਾਂ ਦੇ ਆਧਾਰ ’ਤੇ ਮੁੜ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ ਸੀਬੀਡੀਟੀ ਦਾ ਮੁਖੀ ਇਸ ਦਾ ਚੇਅਰਮੈਨ ਹੁੰਦਾ ਹੈ ਤੇ ਇਸ ਵਿੱਚ ਛੇ ਮੈਂਬਰ ਹੋ ਸਕਦੇ ਹਨ, ਜੋ ਵਿਸ਼ੇਸ਼ ਸਕੱਤਰ ਰੈਂਕ ਦੇ ਹੁੰਦੇ ਹਨ। -ਪੀਟੀਆਈ