ਜ਼ਿਮਨੀ ਚੋਣ: ਦੋ ਦਹਾਕਿਆਂ ’ਚ ਪਹਿਲੀ ਵਾਰ ਵੋਟਰ ਸੂਚੀਆਂ ’ਚ ਸੋਧ
ਨਵੀਂ ਦਿੱਲੀ, 1 ਜੂਨ
ਪੰਜ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਨੇ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਵੋਟਰ ਸੂਚੀਆਂ ’ਚ ਸੋਧ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਲ 2006 ਵਿੱਚ ਤਾਮਿਲਨਾਡੂ ’ਚ ਹੋਈ ਜ਼ਿਮਨੀ ਚੋਣ ਲਈ ਵੋਟਰ ਸੂਚੀਆਂ ’ਚ ਵਿਸ਼ੇਸ਼ ਤੌਰ ’ਤੇ ਸੋਧ ਕੀਤੀ ਗਈ ਸੀ। ਲੋਕ ਪ੍ਰਤੀਨਿਧਤਾ ਐਕਟ, 1950 ਦੀਆਂ ਵਿਵਸਥਾਵਾਂ ਦਾ ਹਵਾਲਾ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਰ ਚੋਣ ਅਤੇ ਜ਼ਿਮਨੀ ਚੋਣ ਤੋਂ ਪਹਿਲਾਂ ਮਤਦਾਤਾ ਸੂਚੀਆਂ ’ਚ ਸੋਧ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋੜ ਮੁਤਾਬਕ ਇਹ ਗੱਲ ਚੋਣ ਕਮਿਸ਼ਨ ’ਤੇ ਨਿਰਭਰ ਕਰਦੀ ਹੈ ਕਿ ਕੀ ਮਤਦਾਤਾ ਸੂਚੀਆਂ ’ਚ ਸੋਧ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ?
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਚੋਣ ਕਮਿਸ਼ਨ ਵੱਲੋਂ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ 19 ਜੂਨ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਜਿੱਥੇ ਗੁਜਰਾਤ ’ਚ ਦੋ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ, ਉੱਥੇ ਕੇਰਲਾ, ਪੱਛਮੀ ਬੰਗਾਲ ਤੇ ਪੰਜਾਬ ’ਚ ਇੱਕ-ਇੱਕ ਸੀਟ ਲਈ ਵੋਟਾਂ ਪੈਣਗੀਆਂ। ਇਸ ਦੌਰਾਨ ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਵੇਗਾ। -ਪੀਟੀਆਈ