ਖੇਤੀ ਵਿਕਾਸ ਦਰ 3.5 ਫ਼ੀਸਦ ਰਹੇਗੀ: ਚੌਹਾਨ
ਨਵੀਂ ਦਿੱਲੀ, 19 ਮਈ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਦੇਸ਼ ਵਿੱਚ ਵਿੱਤੀ ਸਾਲ 2025-26 ਦੌਰਾਨ ਖੇਤੀ ਖੇਤਰ ਦੀ ਵਿਕਾਸ ਦਰ 3.5 ਫ਼ੀਸਦ ’ਤੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਨੇ ਅਗਲੇ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਸਿੱਖਿਅਤ ਕਰਨ ਲਈ ਪੂਰੇ ਭਾਰਤ ਦੀ 15 ਦਿਨਾਂ ਮੁਹਿੰਮ ਦਾ ਐਲਾਨ ਕੀਤਾ।
ਚੌਹਾਨ ਨੇ ਕਿਹਾ, ‘‘ਆਲਮੀ ਪੱਧਰ ’ਤੇ 1.5-2 ਫ਼ੀਸਦ ਦੀ ਖੇਤੀ ਵਿਕਾਸ ਦਰ ਚੰਗੀ ਮੰਨੀ ਜਾਂਦੀ ਹੈ। ਭਾਰਤ ਘੱਟੋ-ਘੱਟ ਤਿੰਨ ਤੋਂ 3.5 ਫ਼ੀਸਦ ਦੀ ਵਿਕਾਸ ਦਰ ਹਾਸਲ ਕਰ ਰਿਹਾ ਹੈ। ਸਾਨੂੰ ਅਗਲੇ ਸਾਲ (2025-26) ਵੀ 3-3.5 ਫ਼ੀਸਦ ਵਿਕਾਸ ਦਰ ਹਾਸਲ ਹੋਣ ਦੀ ਉਮੀਦ ਹੈ।’’
ਆਰਥਿਕ ਸਰਵੇਖਣ ਮੁਤਾਬਕ ਵਿੱਤੀ ਸਾਲ 2024-25 ਲਈ ਖੇਤੀ ਖੇਤਰ ਦੀ ਵਿਕਾਸ ਦਰ 3.8 ਫ਼ੀਸਦ ਮੰਨੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਮੌਨਸੂਨ ਆਮ ਨਾਲੋਂ ਬਿਹਤਰ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਉਮੀਦ ਹੈ ਕਿ ਮੌਨਸੂਨ 27 ਮਈ ਤੱਕ ਕੇਰਲ ਪਹੁੰਚ ਜਾਵੇਗਾ। ਇਸ ਤਰ੍ਹਾਂ ਮੌਨਸੂਨ ਆਮ ਨਾਲੋਂ ਪੰਜ ਦਿਨ ਪਹਿਲਾਂ ਆ ਜਾਵੇਗਾ।
ਚੌਹਾਨ ਨੇ 29 ਮਈ ਤੋਂ ਸ਼ੁਰੂ ਹੋਣ ਵਾਲੀ 15 ਮੈਂਬਰੀ ਸਾਉਣੀ ਵਿਸਥਾਰ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਉਦੇਸ਼ ਦੇਸ਼ ਦੇ 723 ਜ਼ਿਲ੍ਹਿਆਂ ਦੇ 65,000 ਪਿੰਡਾਂ ਦੇ 1.30 ਕਰੋੜ ਕਿਸਾਨਾਂ ਤੱਕ ਪਹੁੰਚ ਬਣਾਉਣਾ ਹੈ।
ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਸੀਏਆਰ) ਦੇ 3,749 ਖੇਤੀ ਵਿਗਿਆਨੀਆਂ ਅਤੇ 2,980 ਖੇਤੀ ਵਿਗਿਆਨ ਕੇਂਦਰ ਦੇ ਕਰਮਚਾਰੀਆਂ ਵਾਲੀਆਂ ਕੁੱਲ 2,170 ਟੀਮਾਂ ਹਰ ਰੋਜ਼ ਘੱਟੋ-ਘੱਟ ਤਿੰਨ ਪੰਚਾਇਤਾਂ ਦਾ ਦੌਰਾ ਕਰਨਗੀਆਂ। ਆਈਸੀਏਆਰ ਦੇ ਡਾਇਰੈਕਟਰ ਜਨਰਲ ਐੱਮਐੱਲ ਜਾਟ ਨੇ ਦੱਸਿਆ ਕਿ ਮੁਹਿੰਮ ਦੌਰਾਨ ਮਿਲੇ ਸਬਕਾਂ ਨੂੰ ਇਸ ਸਾਲ ਦੇ ਅਖ਼ੀਰ ਵਿੱਚ ਹਾੜ੍ਹੀ ਦੇ ਸੀਜ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ। -ਪੀਟੀਆਈ