ਦਿੱਲੀ ’ਚ 43 ਸਾਲ ਪੁਰਾਣਾ ਰਿਕਾਰਡ ਟੁੱਟਿਆ; ਸਕੂਲਾਂ ’ਚ ਅੱਜ ਛੁੱਟੀ
ਨਵੀਂ ਦਿੱਲੀ: ਦਿੱਲੀ ’ਚ ਪਿਛਲੇ 24 ਘੰਟਿਆਂ ਦੌਰਾਨ ਸਵੇਰੇ ਸਾਢੇ 8 ਵਜੇ ਤੱਕ 153 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇਹ 1982 ਤੋਂ ਬਾਅਦ ਜੁਲਾਈ ’ਚ ਇਕ ਦਿਨ ’ਚ ਸਭ ਤੋਂ ਵਧ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਗੜਬੜੀ ਅਤੇ ਮੌਨਸੂਨੀ ਹਵਾਵਾਂ ਕਾਰਨ ਦਿੱਲੀ ਸਮੇਤ ਪੂਰੇ ਉੱਤਰ-ਪੱਛਮੀ ਭਾਰਤ ’ਚ ਮੌਸਮ ਦਾ ਪਹਿਲਾ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਭਾਰੀ ਮੀਂਹ ਦੇ ਚੱਲਦਿਆਂ ਸੋਮਵਾਰ 10 ਜੁਲਾਈ ਨੂੰ ਸਾਰੇ ਸਕੂਲ ਬੰਦ ਰਹਿਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਮੀਂਹ ਕਾਰਨ ਵਿਗੜੇ ਹਾਲਾਤ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਉਧਰ ਦਿੱਲੀ ਸਰਕਾਰ ਨੇ ਹਰਿਆਣਾ ਵੱਲੋਂ ਹਥਿਨੀਕੁੰਡ ਬੈਰਾਜ ਤੋਂ ਯਮੁਨਾ ’ਚ ਇਕ ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡੇ ਜਾਣ ਮਗਰੋਂ ਐਤਵਾਰ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਬੈਰਾਜ ਤੋਂ ਸ਼ਾਮ ਸਮੇਂ 1,05,453 ਕਿਊਸਿਕ ਪਾਣੀ ਛੱਡਿਆ ਗਿਆ ਹੈ। ਯਮੁਨਾ ਨੇੜੇ ਰਹਿੰਦੇ ਲੋਕਾਂ ਨੂੰ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ। -ਪੀਟੀਆਈ