ਵਿਅੰਗ ਦਾ ਬਾਦਸ਼ਾਹ ਜਸਵਿੰਦਰ ਸਿੰਘ ਭੱਲਾ
ਮਿਹਰ ਮਿੱਤਲ ਤੋਂ ਬਾਅਦ ਮਜ਼ਾਹੀਆ ਕਲਾਕਾਰ ਦੇ ਤੌਰ ’ਤੇ ਪੰਜਾਬੀਆਂ ਦੇ ਦਿਲ ਮੋਹ ਲੈਣ ਵਾਲਾ ਜਸਵਿੰਦਰ ਸਿੰਘ ਭੱਲਾ 65 ਸਾਲ ਸਾਢੇ ਤਿੰਨ ਮਹੀਨੇ ਉਮਰ ਭੋਗ ਕੇ ਅਚਾਨਕ ਅਲਵਿਦਾ ਕਹਿ ਗਿਆ। ਉਹ ਬਹੁ-ਪੱਖੀ, ਬਹੁ-ਪਰਤੀ, ਬਹੁ-ਵਿਧਾਵੀ ਕਲਾਕਾਰ, ਅਦਾਕਾਰ ਤੇ ਡਾਇਰੈਕਟਰ ਸੀ। 1985 ਤੋਂ 2025 ਤੱਕ 40 ਸਾਲ ਉਹ ਪੰਜਾਬੀ ਫਿਲਮੀ, ਅਦਾਕਾਰੀ ਤੇ ਸੰਗੀਤ ਜਗਤ ਵਿੱਚ ਚਮਕਦਾ ਰਿਹਾ। ਉਹ ਭਾਵੇਂ ਇਸ ਸੰਸਾਰ ਵਿੱਚ ਸਰੀਰਕ ਤੌਰ ’ਤੇ ਨਹੀਂ ਰਿਹਾ, ਪਰ ਉਸ ਦੇ ਵਿਅੰਗ ਤੇ ਹਾਸਿਆਂ ਦੇ ਫੁਹਾਰੇ ਪੰਜਾਬੀਆਂ ਨੂੰ ਉਸ ਦੀ ਯਾਦ ਤਾਜ਼ਾ ਕਰਵਾਉਂਦੇ ਰਹਿਣਗੇ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੱਦੋਂ ਦੀ ਜ਼ਰਖ਼ੇਜ਼ ਸਾਹਿਤਕ ਤੇ ਸੰਗੀਤਕ ਧਰਤੀ ਦਾ ਪੁੱਤਰ ਜਸਵਿੰਦਰ ਸਿੰਘ ਭੱਲਾ ਦੇ ਸਮਾਜਿਕ ਕੁਰੀਤੀਆਂ ਜਿਵੇਂ ਭਰੂਣ ਹੱਤਿਆ, ਨਸ਼ੇ ਤੇ ਬੇਰੋਜ਼ਗਾਰੀ ਬਾਰੇ ਤਿੱਖੇ ਵਿਅੰਗ ਦੀ ਮਾਰ ਨੂੰ ਸਹਿਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੁੰਦਾ ਸੀ। ਉਸ ਦੇ ਵਿਅੰਗ ਦੇ ਤੀਰ ਢਿੱਡੀਂ ਪੀੜਾਂ ਪਾ ਦਿੰਦੇ ਸਨ। ਵਿਅੰਗ ਦੇ ਖੇਤਰ ਵਿੱਚ ਉਸ ਦਾ ਅੰਦਾਜ਼ ਵੱਖਰਾ ਸੀ। ਉਸ ਦੇ ਤਕੀਆ ਕਲਾਮ ਅਤੇ ਡਾਇਲਾਗ ਜਿਵੇਂ ‘ਮੈਂ ਤਾਂ ਭੰਨ ਦਊਂ ਬੁੱਲ੍ਹਾਂ ਨਾਲ ਅਖ਼ਰੋਟ’, ‘ਜੇ ਚੰਡੀਗੜ੍ਹ ਢਹਿ ਜਾਊ ਤਾਂ ਪਿੰਡਾਂ ਵਰਗਾ ਤਾਂ ਰਹਿ ਜਾਊ’, ‘ਢਿੱਲੋਂ ਨੇ ਐਵੇਂ ਕਾਲਾ ਕੋਟ ਨਹੀਂ ਪਾਇਆ’ ਆਦਿ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੇ ਸਨ। ਉਸ ਦੀਆਂ ਛਣਕਾਟਾ ਸੀਰੀਜ਼ ਦੀਆਂ ਹੁਣ ਤੱਕ 29 ਆਡੀਜ਼, ਵੀਡੀਜ਼ ਅਤੇ ਐਲਬਮਾਂ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਉਹ ਤਕਰੀਬਨ 50 ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕਾ ਹੈ। ਜਸਵਿੰਦਰ ਭੱਲਾ ਦਾ ਚਾਚਾ ਚਤਰ ਸਿੰਘ ਕਰੈਕਟਰ ਬਹੁਤ ਹਰਮਨ ਪਿਆਰਾ ਹੋਇਆ। ਇਸ ਤੋਂ ਬਾਅਦ ਉਸ ਦਾ ਸਿਤਾਰਾ ਚਮਕਦਾ ਹੀ ਗਿਆ। ਜਸਵਿੰਦਰ ਸਿੰਘ ਭੱਲਾ ਸਰਲ ਸ਼ਬਦਾਵਲੀ ਵਿੱਚ ਡੂੰਘਾ ਵਿਅੰਗ ਕਰਨ ਦੇ ਮਾਹਿਰ ਵਜੋਂ ਜਾਣੇ ਜਾਂਦੇ ਹਨ।
1975 ਵਿੱਚ ਜਸਵਿੰਦਰ ਸਿੰਘ ਭੱਲਾ ਦੀ ਆਪਣੇ ਦੋ ਸਹਿਯੋਗੀ ਕਲਾਕਾਰਾਂ ਨਾਲ ਆਲ ਇੰਡੀਆ ਰੇਡੀਓ ਪ੍ਰੋਗਰਾਮਾਂ ਲਈ ਚੋਣ ਹੋ ਗਈ। ਸਾਹਿਤਕ, ਗਾਇਕੀ ਅਤੇ ਸੰਗੀਤਕ ਰੁਚੀਆਂ ਦੇ ਬਾਦਸ਼ਾਹ ਜਗਦੇਵ ਸਿੰਘ ਜੱਸੋਵਾਲ ਨੇ ਲੁਧਿਆਣਾ ਵਿੱਚ ਪ੍ਰੋ. ਮੋਹਨ ਸਿੰਘ ਮੇਲਾ ਸ਼ੁਰੂ ਕੀਤਾ ਤਾਂ ਉਨ੍ਹਾਂ ਜਸਵਿੰਦਰ ਸਿੰਘ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਨੂੰ ਵੀ ਉੱਥੇ ਆਪਣਾ ਪ੍ਰੋਗਰਾਮ ਕਰਨ ਲਈ ਬੁਲਾਇਆ। ਇਸ ਮੌਕੇ ਦੂਰਦਰਸ਼ਨ ਜਲੰਧਰ ਦੇ ਅਧਿਕਾਰੀ ਆਏ ਹੋਏ ਸਨ, ਜਿਹੜੇ ਜਸਵਿੰਦਰ ਸਿੰਘ ਭੱਲਾ ਅਤੇ ਬਾਲ ਮੁਕੰਦ ਦੀ ਅਦਾਕਾਰੀ ਤੋਂ ਫਿਦਾ ਹੋ ਗਏ। ਫਿਰ ਉਨ੍ਹਾਂ ਦੇ ਪ੍ਰੋਗਰਾਮ ਦੂਰਦਰਸ਼ਨ ਜਲੰਧਰ ਤੋਂ ਨਸ਼ਰ ਹੋਣ ਲੱਗੇ। ਉਨ੍ਹਾਂ ਦੀ ਪਹਿਲੀ ਆਡੀਓ ਛਣਕਾਟਾ-88, 1988 ਵਿੱਚ ਮਾਰਕੀਟ ਵਿੱਚ ਆਈ ਸੀ। ਇਸ ਤੋਂ ਬਾਅਦ ਤਾਂ ਚੱਲ ਸੋ ਚੱਲ... ਹਾਸੇ ਦੀਆਂ ਪਟਾਰੀਆਂ ਦਾ ਪ੍ਰਵਾਹ ਲਗਾਤਾਰ ਚੱਲਦਾ ਰਿਹਾ। ਜਸਵਿੰਦਰ ਸਿੰਘ ਭੱਲਾ ਦੀ ਪਹਿਲੀ ਫਿਲਮ ‘ਦੁੱਲਾ ਭੱਟੀ’ ਨੇ ਉਸ ਦੀ ਫਿਲਮ ਜਗਤ ਵਿੱਚ ਵੀ ਪਛਾਣ ਬਣਾ ਦਿੱਤੀ। ਉਸ ਤੋਂ ਬਾਅਦ ‘ਜ਼ਰਾ ਸੱਜੇ ਖੱਬੇ’, ‘ਡੁਗ ਡੁਗੀ ਵਜਦੀ’, ‘ਝੁਮਕੇ’, ‘ਨਾਟੀ ਬਾਬਾ ਇਨ ਟਾਊਨ’, ‘ਮਾਹੌਲ ਠੀਕ ਹੈ’, ‘ਜਿਹਨੇ ਮੇਰਾ ਦਿਲ ਲੁੱਟਿਆ’, ‘ਜੀਜਾ ਜੀ’, ‘ਪਾਵਰ ਕੱਟ’, ‘ਕਬੱਡੀ ਵੰਸ ਅਗੇਨ’, ‘ਆਪਾਂ ਫਿਰ ਮਿਲਾਂਗੇ’, ‘ਮੇਲ ਕਰਾ ਦੇ ਰੱਬਾ’, ‘ਜੱਟ ਏਅਰਵੇਜ਼’, ‘ਕੈਰੀ ਆਨ ਜੱਟਾ’, ‘ਵਧਾਈਆਂ ਜੀ-2018’, ‘ਕੈਰੀ ਆਨ ਜੱਟਾ-2’, ਮਿਸਟਰ 420, ਜੱਟ ਤੇ ਜੂਲੀਅਟ’ ਆਦਿ ਫਿਲਮਾਂ ਵਰਣਨਯੋਗ ਹਨ।
ਜਸਵਿੰਦਰ ਸਿੰਘ ਭੱਲਾ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਅਤੇ ਨਿਊਜੀਲੈਂਡ ਵਿੱਚ ਅਣਗਿਣਤ ਸ਼ੋਅ ਕੀਤੇ। ਇਤਨੀਆਂ ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨ ਨਾਲ ਜੁੜਿਆ ਕਲਾਕਾਰ ਸੀ। ਨਮਰਤਾ ਉਸ ਦਾ ਗਹਿਣਾ ਸੀ। ਅਦਾਕਾਰੀ ਦੇ ਖੇਤਰ ਵਿੱਚ ਜਸਵਿੰਦਰ ਸਿੰਘ ਭੱਲਾ ਇੱਕ ਅਮੀਰ ਵਿਰਾਸਤ ਛੱਡ ਕੇ ਗਿਆ ਹੈ। ਉਸ ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਖੂਬ ਸਨਮਾਨ ਦਿੱਤੇ, ਜਿਨ੍ਹਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਐਵਾਰਡ, ਬੈਸਟ ਕਾਮੇਡੀਅਨ ਐਵਾਰਡ, ਗੁਰਨਾਮ ਸਿੰਘ ਤੀਰ ਹਾਸ ਵਿਅੰਗ ਪੁਰਸਕਾਰ, ਪੰਜਾਬੀ ਸਾਹਿਤ ਤੇ ਕਲਾ ਕੇਂਦਰ ਫਗਵਾੜਾ ਦਾ ਸਰਵੋਤਮ ਕਾਮੇਡੀ ਐਵਾਰਡ, ਨਿਊਯਾਰਕ ਵਿਖੇ ਸ਼ਾਨਦਾਰ ਕਾਮੇਡੀਅਨ ਐਵਾਰਡ, ਚਾਰ ਵਾਰ ਪੀਟੀਸੀ ਫਿਲਮ ਐਵਾਰਡ ਸ਼ਾਮਲ ਹਨ।
ਜਸਵਿੰਦਰ ਸਿੰਘ ਭੱਲਾ ਦਾ ਜਨਮ ਬਹਾਦਰ ਸਿੰਘ ਭੱਲਾ ਅਤੇ ਸਤਵੰਤ ਕੌਰ ਦੇ ਘਰ 4 ਮਈ 1960 ਨੂੰ ਹੋਇਆ। ਉਸ ਦਾ ਵਿਆਹ ਪ੍ਰਮਿੰਦਰ ਕੌਰ (ਪਰਮਦੀਪ ਭੱਲਾ) ਨਾਲ ਹੋਇਆ। ਪ੍ਰਮਿੰਦਰ ਕੌਰ ਫਾਈਨ ਆਰਟਸ ਟੀਚਰ ਹਨ। ਉਨ੍ਹਾਂ ਦੇ ਦੋ ਬੱਚੇ ਪੁਖਰਾਜ ਸਿੰਘ ਭੱਲਾ ਅਤੇ ਅਰਸ਼ਪ੍ਰੀਤ ਕੌਰ ਭੱਲਾ ਹਨ। ਜਸਵਿੰਦਰ ਭੱਲਾ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਕੱਦੋਂ ਦੇ ਨਾਲ ਹੀ ਬਰਮਾਲੀਪੁਰ ਪਿੰਡ ਵਿੱਚ ਕੀਤੀ ਕਿਉਂਕਿ ਉਸ ਦੇ ਪਿਤਾ ਬਹਾਦਰ ਸਿੰਘ ਉਸ ਸਮੇਂ ਬਰਮਾਲੀਪੁਰ ਸਕੂਲ ਵਿੱਚ ਪੜ੍ਹਾਉਂਦੇ ਸਨ। ਫਿਰ ਉਸ ਨੇ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਦੋਰਾਹਾ ਸਕੂਲ ਵਿੱਚ ਪੜ੍ਹਦਿਆਂ ਹੀ ਉਹ ਮੋਨੋ ਐਕਟਿੰਗ ਅਤੇ ਨਾਟਕਾਂ ਵਿੱਚ ਅਦਾਕਾਰੀ ਕਰਨ ਲੱਗ ਪਿਆ ਸੀ। ਉਸ ਤੋਂ ਬਾਅਦ ਉਹਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀਐੱਸਸੀ (ਖੇਤੀਬਾੜੀ ਆਨਰਜ਼) ਦੀ ਡਿਗਰੀ 1982 ਵਿੱਚ ਪ੍ਰਾਪਤ ਕੀਤੀ। ਇਸੇ ਯੂਨੀਵਰਸਿਟੀ ਵਿੱਚੋਂ ਐੱਮਐੱਸਸੀ ਐਕਸਟੈਨਸ਼ਨ ਐਜੂਕੇਸ਼ਨ ਦੀ ਡਿਗਰੀ 1985 ਵਿੱਚ ਪ੍ਰਾਪਤ ਕੀਤੀ। ਫਿਰ ਉਸ ਨੇ ਖੇਤੀਬਾੜੀ ਵਿਭਾਗ ਵਿੱਚ ਏਆਈ/ਏਡੀਓ ਦੀ ਅਸਾਮੀ ’ਤੇ ਪੰਜ ਸਾਲ ਨੌਕਰੀ ਕੀਤੀ। 1989 ਵਿੱਚ ਉਹਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਪਾਸਾਰ ਵਿਭਾਗ ਵਿੱਚ ਲੈਕਚਰਾਰ ਦੀ ਨੌਕਰੀ ਸ਼ੁਰੂ ਕਰ ਲਈ। ਇਥੇ ਹੀ ਉਹ ਪਹਿਲਾਂ ਐਸੋਸੀਏਟ ਪ੍ਰੋਫੈਸਰ ਅਤੇ 2020 ਵਿੱਚ ਪ੍ਰੋਫੈਸਰ ਤੇ ਵਿਭਾਗ ਦੇ ਮੁਖੀ ਬਣ ਗਏ। ਨੌਕਰੀ ਦੌਰਾਨ ਹੀ ਉਹਨੇ 2000 ਵਿੱਚ ਡਾ. ਦਵਿੰਦਰ ਸਿੰਘ ਦੀ ਅਗਵਾਈ ’ਚ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਸ਼ਨ ਕਾਲਜ ਮੇਰਠ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਉਹ 31 ਮਈ 2020 ਨੂੰ ਸੇਵਾ ਮੁਕਤ ਹੋਏ ਹਨ।
20 ਅਗਸਤ ਨੂੰ ਜਸਵਿੰਦਰ ਭੱਲਾ ਨੂੰ ਬ੍ਰੇਨ ਹੈਮਰੇਜ ਹੋਇਆ। ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਬ੍ਰੇਨ ਹੈਮਰੇਜ ਘਾਤਕ ਸਿੱਧ ਹੋਇਆ ਅਤੇ ਉਹ 22 ਅਗਸਤ ਨੂੰ ਚਲਾਣਾ ਕਰ ਗਏ।
ਸੰਪਰਕ: 94178-13072